ਲੁਧਿਆਣਾ, 1 ਮਾਰਚ (ਪਰਮਿੰਦਰ ਸਿੰਘ ਆਹੂਜਾ)-ਖਾੜੀ ਵਿਚ ਬੀਤੇ ਦੋ ਦਿਨਾਂ ਤੋਂ ਈਰਾਨ ਅਤੇ ਇਜਰਾਇਲ ਦੇ ਵਿਚ ਚੱਲ ਰਹੇ ਯੁੱਧ ਵਿਚ ਅੱਜ ਸਵੇਰੇ ਈਰਾਨ ਦੇ ਸੁਪਰੀਮ ਧਾਰਮਿਕ ਲੀਡਰ ਜਨਾਬ ਅਯਤੁੱਲਾਹ ਖਾਮੇਨੇਈ ਹਵਾਈ ਹਮਲੇ ਵਿਚ ਉਨ੍ਹਾਂ ਦੀ ਜਾਨ ਚਲੀ ਗਈ | ਇਸ ਖਬਰ ਨਾਲ ਦੁਨੀਆਂ ਭਰ ਦੇ ਮੁਸਲਮਾਨਾਂ ਅਤੇ ਇਨਸਾਫ ਪਸੰਦ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਅੱਜ ਇੱਥੇ ਪੰਜਾਬ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ਦੇ ਬਾਹਰ ਭਾਰੀ ਗਿਣਤੀ ਵਿਚ ਮੁਸਲਮਾਨ ਭਾਈਚਾਰੇ ਨੇ ਇਜਰਾਇਲ ਸਰਕਾਰ ਦੇ ਖਿਲਾਫ ਜ਼ਬਰਦਸਤ ਰੋਸ ਮੁਜਾਇਰਾ ਕੀਤਾ ਅਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਨਿਤਿਨਯਾਹੁ ਦਾ ਪੁਤਲਾ ਫੂਕ ਰੋਸ ਪ੍ਰਦਰਸਨ ਕੀਤਾ ਗਿਆ | ਇਸ ਮੌਕੇ ਜਾਮਾ ਮਸਜਿਦ ਵਿਚ ਦੁਪਹਿਰ ਦੀ ਨਮਾਜ਼ ਤੋਂ ਬਾਅਦ ਅਯਤੁੱਲਾਹ ਖਾਮੇਨੇਈ ਦੀ ਸ਼ਹਾਦਤ ਨੂੰ ਸਲਾਮ ਪੇਸ਼ ਕਰਦੇ ਹੋਏ ਵਿਸ਼ੇਸ਼ ਦੁਆ ਵੀ ਕਰਵਾਈ ਗਈ | ਇਸ ਸ਼ੋਕ ਸਭਾ ਨੂੰ ਸੰਬੋਧਨ ਕਰਦੇ ਹੋਏ ਮਜਲਿਸ ਅਹਿਰਾਰ ਇਸਲਾਮ ਹਿੰਦ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਜਰਾਇਲ ਅਤੇ ਅਮਰੀਕਾ ਦਾ ਇਹ ਸਰਕਾਰੀ ਅੱਤਵਾਦ ਹੈ, ਇਨ੍ਹਾਂ ਦੀ ਦਾਦਾਗਿਰੀ ਦੇ ਅੱਗੇ ਦੁਨੀਆਂ ਖਾਮੋਸ਼ ਹੈ ਕਿਉਂਕਿ ਇਨਸਾਫ ਦਿਵਾਉਣ ਵਾਲੇ ਵੀ ਇਨ੍ਹਾਂ ਦੀ ਗੁੰਡਾਗਰਦੀ ਦੇ ਅੱਗੇ ਬੇਵੱਸ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਅਯਤੁੱਲਾਹ ਖਾਮੇਨੇਈ ਸਿਰਫ ਇਰਾਨ ਹੀ ਨਹੀਂ ਬਲਕਿ ਦੁਨੀਆਂ ਭਰ ਦੇ ਮੁਸਲਮਾਨਾਂ ਦੇ ਲੀਡਰ ਸਨ | ਉਨ੍ਹਾਂ ਦੀ ਸ਼ਹਾਦਤ ਨੂੰ ਅਸੀਂ ਸਭ ਸਲਾਮ ਪੇਸ਼ ਕਰਦੇ ਹਾਂ ਅਤੇ ਉਨ੍ਹਾਂ ਦੀ ਇਸ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ, ਆਉਣ ਵਾਲੀਆਂ ਨਸਲਾਂ ਇਸ ਗੱਲ ਨੂੰ ਫ਼ਖ਼ਰ ਦੇ ਨਾਲ ਕਹਿ ਸਕਣਗੀਆਂ ਕਿ ਜਦ ਪੂਰੀ ਦੁਨੀਆਂ ਦੇ ਧੜਾਂਤ ਇਜਰਾਇਲ ਅਤੇ ਅਮਰੀਕਾ ਦੇ ਅੱਗੇ ਘੁਟਨੇ ਟੇਕ ਚੁੱਕੇ ਸਨ ਤਾਂ ਉਸ ਸਮੇਂ ਇਕ ਬੁੱਢਾ ਸ਼ੇਰ ਆਪਣੇ ਆਖਰੀ ਸਾਹਾਂ ਤੱਕ ਦੁਸ਼ਮਣ ਨਾਲ ਲੜਦਾ ਰਿਹਾ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਅਯਤੁੱਲਾਹ ਖਾਮੇਨੇਈ ਦੀ ਸ਼ਹਾਦਤ ਮੌਕੇ ਇਜਰਾਇਲ ਅਤੇ ਅਮਰੀਕਾ ਦੀ ਇਸ ਅੱਤਵਾਦੀ ਕਾਰਵਾਈ ਦੇ ਖਿਲਾਫ ਆਪਣਾ ਰੋਸ ਯੂਐਨਓ ਵਿਚ ਦਰਜ ਕਰਵਾਏ ਅਤੇ ਇਰਾਨ ਦੇ ਨਾਲ ਆਪਣਾ ਦਹਾਕਿਆਂ ਪੁਰਾਨੇ ਰਿਸ਼ਤਿਆਂ ਨੂੰ ਦੇਖਦੇ ਹੋਏ ਕੌਮੀ ਸੋਗ ਐਲਾਲਣ | ਯੋਗ ਹੈ ਕਿ ਲੁਧਿਆਣਾ ਜਾਮਾ ਮਸਜਿਦ ਦੇ ਬਾਹਰ ਇਕੱਠੇ ਹੋਏ ਲੋਕਾਂ ਨੇ ਅਯਤੁੱਲਾਹ ਖਾਮੇਨੇਈ ਜਿੰਦਾਬਾਦ ਅਤੇ ਇਜਰਾਇਲ ਮੁਰਦਾਬਾਦ ਦੇ ਨਾਅਰੇ ਲਾ ਰਹੇ ਸਨ |