19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਹੁਣ ਚੰਡੀਗੜ੍ਹ ਹਵਾਈ ਅੱਡੇ ਤੋਂ 49 ਉਡਾਣਾਂ ਨਾਲ ਵਧੀ ਸਹੂਲਤ

ਅਜੀਤ ਡੈਸਕ 29-03-2026
ਚੰਡੀਗੜ੍ਹ, 28 ਮਾਰਚ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਅਥਾਰਟੀ ਨੇ ਨਵੇਂ ਗਰਮੀਆਂ ਦੇ ਸਮੇਂ ਅਨੁਸਾਰ ਹਵਾਈ ਸੇਵਾਵਾਂ 'ਚ ਵੱਡਾ ਵਿਸਥਾਰ ਕੀਤਾ ਹੈ | 49 ਉਡਾਣਾਂ ਦੇ ਨਾਲ ਹੁਣ ਮੁਸਾਫ਼ਰਾਂ ਲਈ ਦੇਸ਼ ਭਰ ਵਿਚ ਸਫ਼ਰ ਕਰਨਾ ਹੋਰ ਵੀ ਆਸਾਨ ਬਣੇਗਾ | ਐਤਵਾਰ ਤੋਂ ਲਾਗੂ ਹੋਣ ਜਾ ਰਿਹਾ ਇਹ ਸਮਰ ਸ਼ਡਿਊਲ 24 ਅਕਤੂਬਰ 2026 ਤੱਕ ਪ੍ਰਭਾਵੀ ਰਹੇਗਾ | ਇਸ ਦੌਰਾਨ ਹਵਾਈ ਅੱਡੇ ਤੋਂ ਰੋਜ਼ਾਨਾ ਸਵੇਰੇ 5:15 ਵਜੇ ਤੋਂ ਰਾਤ 11:40 ਵਜੇ ਤੱਕ ਉਡਾਣਾਂ ਦਾ ਸੰਚਾਲਨ ਕੀਤਾ ਜਾਵੇਗਾ | ਨਵੇਂ ਸ਼ਡਿਊਲ ਦੇ ਤਹਿਤ ਚੰਡੀਗੜ੍ਹ ਨੂੰ ਦੇਸ਼ ਦੇ ਮੁੱਖ ਸ਼ਹਿਰਾਂ ਅਤੇ ਸੈਰ-ਸਪਾਟਾ ਕੇਂਦਰਾਂ ਨਾਲ ਸਿੱਧੀ ਕਨੈਕਟਿਵਿਟੀ ਮਿਲੇਗੀ, ਜਿਸ ਨਾਲ ਮੁਸਾਫ਼ਰਾਂ ਨੂੰ ਕਾਫ਼ੀ ਸੁਵਿਧਾ ਪ੍ਰਾਪਤ ਹੋਵੇਗੀ | ਇਸ ਵਾਰ ਸ਼ਡਿਊਲ ਦੀ ਸਭ ਤੋਂ ਖ਼ਾਸ ਗੱਲ ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਈ ਸ਼ੁਰੂ ਕੀਤੀ ਗਈ ਸਿੱਧੀ ਉਡਾਣ ਹੈ | ਇਹ ਉਡਾਣ ਰੋਜ਼ਾਨਾ ਸ਼ਾਮ 7 ਵਜੇ ਚੰਡੀਗੜ੍ਹ ਪਹੁੰਚੇਗੀ ਅਤੇ 7:35 ਵਜੇ ਵਾਪਸੀ ਕਰੇਗੀ, ਜਿਸ ਨਾਲ ਵਪਾਰਕ ਅਤੇ ਕਾਰੋਬਾਰੀ ਮੁਸਾਫ਼ਰਾਂ ਨੂੰ ਵੱਡਾ ਲਾਭ ਮਿਲੇਗਾ | ਨਵੇਂ ਪ੍ਰਬੰਧ ਨਾਲ ਚੰਡੀਗੜ੍ਹ ਏਅਰਪੋਰਟ ਹੁਣ ਦੇਸ਼ ਦੇ 19 ਘਰੇਲੂ ਸ਼ਹਿਰਾਂ ਨਾਲ ਸਿੱਧਾ ਜੁੜ ਗਿਆ ਹੈ | ਇਨ੍ਹਾਂ ਵਿਚ ਦਿੱਲੀ, ਲੇਹ, ਸ੍ਰੀਨਗਰ, ਜੰਮੂ, ਧਰਮਸ਼ਾਲਾ, ਜੈਪੁਰ, ਲਖਨਊ, ਬੈਂਗਲੁਰੂ, ਚੇਨਈ, ਹੈਦਰਾਬਾਦ, ਕੋਚੀ, ਪੁਣੇ, ਮੁੰਬਈ, ਅਹਿਮਦਾਬਾਦ, ਇੰਦੌਰ, ਗੋਆ, ਕੋਲਕਾਤਾ ਅਤੇ ਪਟਨਾ ਸ਼ਾਮਲ ਹਨ, ਜਦਕਿ ਨਵੀਂ ਮੁੰਬਈ ਨੂੰ ਪਹਿਲੀ ਵਾਰ ਇਸ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ | ਅੰਤਰਰਾਸ਼ਟਰੀ ਉਡਾਣਾਂ ਦੇ ਮਾਮਲੇ 'ਚ ਫਿਲਹਾਲ ਦੁਬਈ ਤੇ ਅਬੂ ਧਾਬੀ ਲਈ ਸੇਵਾਵਾਂ ਪੱਛਮੀ ਏਸ਼ੀਆ 'ਚ ਜਾਰੀ ਤਣਾਅ ਕਾਰਨ ਬੰਦ ਰੱਖੀਆਂ ਗਈਆਂ ਹਨ, ਜਿਸ ਕਾਰਨ ਵਿਦੇਸ਼ ਜਾਣ ਵਾਲੇ ਮੁਸਾਫ਼ਰਾਂ ਨੂੰ ਹੋਰ ਹਵਾਈ ਅੱਡਿਆਂ 'ਤੇ ਨਿਰਭਰ ਰਹਿਣਾ ਪੈ ਰਿਹਾ ਹੈ | ਏਅਰਪੋਰਟ ਅਥਾਰਟੀ ਵਲੋਂ ਜਾਰੀ ਸ਼ਡਿਊਲ 'ਚ ਸਭ ਤੋਂ ਵੱਧ ਉਡਾਣਾਂ ਇੰਡੀਗੋ ਵਲੋਂ ਚਲਾਈਆਂ ਜਾ ਰਹੀਆਂ ਹਨ, ਜਦਕਿ ਏਅਰ ਇੰਡੀਆ, ਅਲਾਇੰਸ ਏਅਰ ਅਤੇ ਏਅਰ ਇੰਡੀਆ ਐਕਸਪ੍ਰੈੱਸ ਵਰਗੀਆਂ ਕੰਪਨੀਆਂ ਵੀ ਆਪਣੀਆਂ ਸੇਵਾਵਾਂ ਜਾਰੀ ਰੱਖਣਗੀਆਂ | ਹਵਾਈ ਅੱਡਾ ਪ੍ਰਬੰਧਨ ਦੇ ਅਨੁਸਾਰ, ਨਵਾਂ ਸਮਰ ਸ਼ਡਿਊਲ ਚੰਡੀਗੜ੍ਹ ਨੂੰ ਉੱਤਰੀ ਭਾਰਤ ਦੇ ਇਕ ਮਹੱਤਵਪੂਰਨ ਹਵਾਈ ਕੇਂਦਰ ਵਜੋਂ ਮਜ਼ਬੂਤ ਕਰੇਗਾ ਤੇ ਆਉਣ ਵਾਲੇ ਸਮੇਂ 'ਚ ਮੁਸਾਫ਼ਰਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ |
ਪਿਛਲੀ ਖ਼ਬਰ ਬੇਲਾ ਕਾਲਜ ਵਿਚ ਸ਼ਾਨੋ-ਸ਼ੌਕਤ ਨਾਲ ਕਰਵਾਇਆ ਸਾਲਾਨਾ ਖੇਡ ਮੇਲਾ <br/> ਅਗਲੀ ਖ਼ਬਰ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਡੋਡਾ ਸਥਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।