18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸੀ. ਬੀ. ਆਈ. ਅਦਾਲਤ ਵਲੋਂ ਠਾਕੁਰ ਦਿਲੀਪ ਸਿੰਘ ਭਗੌੜਾ ਕਰਾਰ

ਅਜੀਤ ਡੈਸਕ 17-04-2026
ਐੱਸ. ਏ. ਐੱਸ. ਨਗਰ, 16 ਅਪ੍ਰੈਲ (ਕਪਿਲ ਵਧਵਾ)-ਨਾਮਧਾਰੀ ਸੰਪਰਦਾਏ ਦੀ ਮੁਖੀ ਮਾਤਾ ਚੰਦ ਕੌਰ ਦੀ ਹੱਤਿਆ ਨਾਲ ਸੰਬੰਧਿਤ ਚੱਲ ਰਹੇ ਕੇਸ ਵਿਚ ਮੁਹਾਲੀ ਸਥਿਤ ਸੀ. ਬੀ. ਆਈ. ਅਦਾਲਤ ਨੇ ਠਾਕੁਰ ਦਿਲੀਪ ਸਿੰਘ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ | ਵਿਸ਼ੇਸ਼ ਜੱਜ ਸੀ. ਬੀ. ਆਈ. ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਲੋਂ ਠਾਕੁਰ ਦਿਲੀਪ ਸਿੰਘ ਨੂੰ ਅਦਾਲਤ 'ਚ ਹਾਜ਼ਰ ਹੋਣ ਲਈ 30 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ, ਪਰ ਨਿਰਧਾਰਤ ਮਿਆਦ ਪੂਰੀ ਹੋਣ ਦੇ ਬਾਵਜੂਦ ਉਹ ਅਦਾਲਤ 'ਚ ਪੇਸ਼ ਨਹੀਂ ਹੋਇਆ | ਇਸ ਦੇ ਚੱਲਦਿਆਂ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੰਦਿਆਂ ਸੰਬੰਧਿਤ ਅਧਿਕਾਰੀਆਂ ਨੂੰ ਉਸ ਦਾ ਨਾਂਅ ਰਿਕਾਰਡ ਵਿਚ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ | ਸੁਣਵਾਈ ਦੌਰਾਨ ਮਾਮਲੇ ਦੇ ਇਕ ਗਵਾਹ ਵਲੋਂ ਆਪਣੀ ਜਾਨ ਨੂੰ ਖ਼ਤਰੇ ਦੀ ਸੰਭਾਵਨਾ ਜਤਾਉਂਦਿਆਂ ਅਰਜ਼ੀ ਵੀ ਦਿੱਤੀ ਗਈ | ਅਦਾਲਤ ਨੇ ਇਸ ਅਰਜ਼ੀ ਨੂੰ ਗੰਭੀਰਤਾ ਨਾਲ ਲੈਂਦਿਆਂ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਗਵਾਹ ਦੀ ਸੁਰੱਖਿਆ ਬਾਰੇ ਮੁਲਾਂਕਣ ਕਰਕੇ ਲੋੜੀਂਦੇ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ | ਅਦਾਲਤ ਵਲੋਂ ਮਾਮਲੇ ਦੀ ਅਗਲੀ ਸੁਣਵਾਈ 18 ਅਪ੍ਰੈਲ ਲਈ ਮੁਕਰਰ ਕੀਤੀ ਗਈ ਹੈ ਤੇ ਸੀ. ਬੀ. ਆਈ. ਨੂੰ ਅਗਲੀ ਤਰੀਕ 'ਤੇ ਗਵਾਹਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ |
ਕੀ ਹੈ ਮਾਮਲਾ?
ਦਰਅਸਲ 4 ਅਪ੍ਰੈਲ 2016 ਨੂੰ ਮਾਤਾ ਚੰਦ ਕੌਰ ਦੀ ਹੋਈ ਹੱਤਿਆ ਦੇ ਮਾਮਲੇ ਨਾਲ ਜੁੜੇ ਮੁਲਜ਼ਮ ਠਾਕੁਰ ਦਲੀਪ ਸਿੰਘ ਖ਼ਿਲਾਫ਼ ਤਿੰਨ ਵੱਖ-ਵੱਖ ਥਾਣਿਆਂ ਵਿਚ ਕੇਸ ਦਰਜ ਕੀਤੇ ਗਏ ਸਨ | ਜਾਂਚ ਦੌਰਾਨ ਉਸ ਦਾ ਨਾਂਅ ਕਈ ਗੰਭੀਰ ਵਾਰਦਾਤਾਂ ਵਿਚ ਸਾਹਮਣੇ ਆਇਆ ਸੀ, ਜਿਨ੍ਹਾਂ ਵਿਚ ਮਾਤਾ ਚੰਦ ਕੌਰ ਦੀ ਹੱਤਿਆ, 2015 ਵਿਚ ਸਤਿਗੁਰੂ ਉਦੈ ਸਿੰਘ ਅਤੇ ਮਾਤਾ ਚੰਦ ਕੌਰ ਦੇ ਜਵਾਈ ਜਗਤਾਰ ਸਿੰਘ 'ਤੇ ਹਮਲੇ ਦੀ ਸਾਜ਼ਿਸ਼ ਅਤੇ ਨਾਮਧਾਰੀ ਅਵਤਾਰ ਸਿੰਘ ਦੀ ਸਾਲ 2011 ਵਿਚ ਕੀਤੀ ਗਈ ਹੱਤਿਆ ਆਦਿ ਦੇ ਮਾਮਲੇ ਸ਼ਾਮਿਲ ਸਨ | ਇਸ ਤੋਂ ਬਾਅਦ ਸਾਲ 2017 ਵਿਚ ਇਨ੍ਹਾਂ ਸਾਰੇ ਮਾਮਲਿਆਂ ਨੂੰ ਇਕੱਠਾ ਕਰਕੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਸੌਂਪ ਦਿੱਤਾ ਗਿਆ | ਇਸ ਤੋਂ ਬਾਅਦ ਸੀ. ਬੀ. ਆਈ. ਨੇ ਚੰਡੀਗੜ੍ਹ ਵਿਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ |

ਪਿਛਲੀ ਖ਼ਬਰ ਪੰਜਾਬ, ਹਰਿਆਣਾ ਤੇ ਭਾਰਤ ਦੇ ਬਾਸਮਤੀ ਚਾਵਲ ਨਿਰਯਾਤਕ ਮੁਸ਼ਕਿਲ 'ਚ <br/> ਅਗਲੀ ਖ਼ਬਰ ਭਰਾ ਨੂੰ ਟਰੈਕਟਰ ਹੇਠਾਂ ਦੇ ਕੇ ਮਾਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।