19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਭਾਰਤੀ ਅਰਥਵਿਵਸਥਾ ਨੂੰ ਵੱਡਾ ਝਟਕਾ, ਆਈ.ਐਮ.ਐਫ. ਰਿਪੋਰਟ ਵਿਚ ਭਾਰਤ ਫਿਰ ਖਿਸਕਿਆ 6ਵੇਂ ਦਰਜੇ 'ਤੇ <br/>

ਅਜੀਤ ਡੈਸਕ 30-04-2026

2025 ਵਿਚ ਭਾਰਤ ਦੇ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਕੀਤੇ ਗਏ ਸਨ ਦਾਅਵੇ
ਹਰਜਿੰਦਰ ਸਿੰਘ ਲਾਲ

ਖੰਨਾ, 29 ਅਪ੍ਰੈਲ- ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ. ਐਮ. ਐਫ.) ਨੇ ਆਪਣੀ ਤਾਜ਼ਾ 2026 ਦੀ 'ਵਰਲਡ ਇਕੋਨੋਮਿਕ ਆਊਟਲੁਕ' ਰਿਪੋਰਟ ਵਿਚ ਭਾਰਤ ਲਈ ਚਿੰਤਾਜਨਕ ਖਬਰ ਦਿੱਤੀ ਹੈ | ਇਸ ਅਨੁਸਾਰ ਭਾਰਤ ਇਸ ਵੇਲੇ ਨਾਮੀਨਲ ਜੀਡੀਪੀ ਦੇ ਆਧਾਰ 'ਤੇ ਦੁਨੀਆ ਦੀ 6ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਜਦੋਂ ਕਿ ਪਿਛਲੀਆਂ ਰਿਪੋਰਟਾਂ ਵਿਚ ਭਾਰਤ ਪਹਿਲਾਂ ਯੂ.ਕੇ. ਨੂੰ ਪਛਾੜ ਕੇ 5ਵੇਂ ਅਤੇ ਬਾਅਦ ਵਿਚ ਇਹ ਦਾਅਵਾ ਸੀ ਕਿ ਜਪਾਨ ਨੂੰ ਵੀ ਪਛਾੜ ਕੇ ਚੌਥੇ ਸਥਾਨ 'ਤੇ ਆ ਗਿਆ ਹੈ | ਪਰ ਹੁਣ ਜਾਪਾਨ ਅਤੇ ਯੂ.ਕੇ. ਫਿਰ ਭਾਰਤ ਤੋਂ ਅੱਗੇ ਹੋ ਗਏ ਹਨ | ਇਸ ਦਾ ਸਭ ਤੋਂ ਵੱਡਾ ਕਾਰਨ ਭਾਰਤੀ ਰੁਪਏ ਦੀ ਕੀਮਤ ਵਿਚ ਗਿਰਾਵਟ ਅਤੇ ਡੇਟਾ ਵਿਚ ਸੋਧ ਵੀ ਹੈ | ਇਸਦੇ ਬਾਵਜੂਦ ਵੀ ਭਾਰਤ ਦੀ ਅਸਲ ਵਿਕਾਸ ਦਰ ਅਜੇ ਵੀ 6.5 ਫ਼ੀਸਦੀ ਹੈ, ਜੋ ਦੁਨੀਆ ਦੀਆਂ ਵੱਡੀਆਂ ਅਰਥਵਿਵਸਥਾਵਾਂ ਵਿਚੋਂ ਸਭ ਤੋਂ ਤੇਜ਼ ਹੈ | ਆਈ. ਐਮ. ਐਫ. ਦੀ 2026 ਦੀ ਰਿਪੋਰਟ ਅਨੁਸਾਰ ਸਿਖਰਲੇ 6 ਦੇਸ਼ਾਂ ਵਿਚੋਂ ਅਮਰੀਕਾ ਦੀ ਅਰਥ ਵਿਵਸਥਾ 32.38 ਟਰੀਲੀਅਨ ਡਾਲਰ, ਚੀਨ ਦੀ 20.85 ਟਰੀਲੀਅਨ ਡਾਲਰ, ਜਰਮਨੀ ਦੀ 5.45 ਟਰੀਲੀਅਨ ਡਾਲਰ, ਜਾਪਾਨ ਦੀ 4.38 ਟਰੀਲੀਅਨ ਡਾਲਰ, ਯੂਕੇ ਦੀ 4.26 ਟਰੀਲੀਅਨ ਡਾਲਰ ਅਤੇ ਭਾਰਤ ਦੀ ਜੀ. ਡੀ. ਪੀ. 4.15 ਟਰੀਲੀਅਨ ਡਾਲਰ ਦੀ ਹੈ | ਪਰ ਪੀ. ਪੀ. ਪੀ. ਦਰਜਾਬੰਦੀ (ਭਾਵ ਖ਼ਰੀਦ ਸ਼ਕਤੀ ਸਮਾਨਤਾ) ਵਿਚ ਭਾਰਤ ਅਜੇ ਵੀ ਵਿਸ਼ਵ ਵਿਚ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ, ਜੋ ਲਗਭਗ 18.9 ਟਿ੍ਲੀਅਨ ਡਾਲਰ ਦੀ ਹੈ | ਰਿਪੋਰਟ ਤੋਂ ਬਾਅਦ ਰਾਜਨੀਤਿਕ ਤੇ ਆਰਥਿਕ ਚਰਚਾ ਗਰਮਾ ਗਈ ਹੈ | ਆਈ. ਐਮ. ਐਫ. ਖ਼ੁਦ ਹੀ ਕਹਿ ਰਿਹਾ ਹੈ ਕਿ ਭਾਰਤ ਅਗਲੇ ਸਾਲਾਂ ਵਿਚ ਫਿਰ ਤੇਜ਼ੀ ਨਾਲ ਉੱਪਰ ਚੜ੍ਹੇਗਾ | ਉਮੀਦ ਹੈ ਕਿ 2027 ਤੱਕ ਭਾਰਤ ਯੂ.ਕੇ. ਅਤੇ ਜਾਪਾਨ ਨੂੰ ਫਿਰ ਪਛਾੜ ਕੇ ਸੱਚਮੁੱਚ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਤੇ 2030-31 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ |
ਪ੍ਰਤੀ ਵਿਅਕਤੀ ਆਮਦਨ ਜਾਂ ਪਰ ਕੈਪਿਟਾ ਜੀ. ਡੀ. ਪੀ. ਵਿਚ ਭਾਰਤ ਬਹੁਤ ਪਿੱਛੇ:
ਆਈ. ਐਮ. ਐਫ. ਦੀ 2026 ਦੀ ਰਿਪੋਰਟ ਵਿਚ ਪ੍ਰਤੀ ਵਿਅਕਤੀ ਆਮਦਨ ਜਾਂ ਪਰ ਕੈਪਿਟਾ ਨਾਮੀਨਲ ਜੀ. ਡੀ. ਪੀ. ਵਿਚ ਭਾਰਤ ਬਹੁਤ ਪਿੱਛੇ ਹੈ | 193ਵੇਂ ਦੇਸ਼ਾਂ ਦੀ ਸੂਚੀ ਵਿਚ ਭਾਰਤ ਦਾ ਸਥਾਨ 148ਵਾਂ ਹੈ | ਭਾਰਤ ਵਿਚ ਪ੍ਰਤੀ ਵਿਅਕਤੀ ਆਮਦਨ 2,813 ਯੂ. ਐਸ. ਡਾਲਰ ਹੈ ਜਦੋਂ ਕਿ ਬੰਗਲਾਦੇਸ਼ ਵੀ ਇਸ ਤੋਂ ਅੱਗੇ ਹੈ ਤੇ ਬੰਗਲਾਦੇਸ਼ ਦੀ ਪ੍ਰਤੀ ਵਿਅਕਤੀ ਆਮਦਨ 2,911 ਡਾਲਰ ਹੈ | ਪ੍ਰਤੀ ਵਿਅਕਤੀ ਆਮਦਨ ਵਿਚ ਮੋਨਾਕੋ, ਲੀਥਟਨਸਟਾਈਨ ਅਤੇ ਲਗਜ਼ਮਬਰਗ ਵਰਗੇ ਛੋਟੇ ਦੇਸ਼ ਪਹਿਲੇ ਸਥਾਨ 'ਤੇ ਹਨ | ਇਨ੍ਹਾਂ ਦੀ ਪ੍ਰਤੀ ਵਿਅਕਤੀ ਆਮਦਨ 1 ਲੱਖ 58 ਹਜਾਰ 773 ਡਾਲਰ ਤੋਂ ਲੈ ਕੇ 3 ਲੱਖ ਡਾਲਰ ਦੇ ਕਰੀਬ ਹੈ | ਜਦੋਂ ਕਿ ਅਮਰੀਕਾ ਪ੍ਰਤੀ ਵਿਅਕਤੀ ਜੀ. ਡੀ. ਪੀ. ਵਿਚ 8ਵੇਂ, ਚੀਨ ਪ੍ਰਤੀ ਵਿਅਕਤੀ ਜੀ. ਡੀ. ਪੀ. ਵਿਚ 74ਵੇਂ, ਜਰਮਨੀ ਪ੍ਰਤੀ ਵਿਅਕਤੀ ਜੀ. ਡੀ. ਪੀ. ਵਿਚ 17ਵੇਂ, ਜਪਾਨ ਪ੍ਰਤੀ ਵਿਅਕਤੀ ਜੀ. ਡੀ. ਪੀ. ਵਿਚ 45ਵੇਂ ਨੰਬਰ 'ਤੇ ਹੈ |

ਪਿਛਲੀ ਖ਼ਬਰ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਸ਼ਤਾਬਦੀ ਸਮਾਗਮਾਂ ਦੀ ਸ਼ਾਨਦਾਰ ਆਰੰਭਤਾ <br/> ਅਗਲੀ ਖ਼ਬਰ ਪਟਿਆਲਾ ਦੇ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।