ਪਾਕਿ ਦੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੀ ਸੰਗਤ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਹੋਈ ਨਤਮਸਤਕ
ਸੁਰਿੰਦਰ ਕੋਛੜ
ਅੰਮਿ੍ਤਸਰ, 16 ਜੂਨ-ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸਾਂਝੇ ਤੌਰ 'ਤੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਭਾਰਤ ਸਮੇਤ ਲਾਹੌਰ, ਸ੍ਰੀ ਨਨਕਾਣਾ ਸਾਹਿਬ, ਹਸਨ ਅਬਦਾਲ, ਸਵਾਤ, ਸੂਬਾ ਸਿੰਧ, ਬਲੋਚਿਸਤਾਨ ਅਤੇ ਸੂਬਾ ਖ਼ੈਬਰ ਪਖਤੂਨਖਵਾ ਤੋਂ ਪਹੁੰਚੀ ਸੰਗਤ ਨੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ | ਧਾਰਮਿਕ ਸਮਾਗਮ ਦੌਰਾਨ ਭਾਈ ਤਜਿੰਦਰ ਸਿੰਘ ਹਜ਼ੂਰੀ ਰਾਗੀ, ਭਾਈ ਮਨਿੰਦਰ ਸਿੰਘ, ਭਾਈ ਮਨਦੀਪ ਸਿੰਘ (ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ), ਗੁਰਚਰਨ ਸਿੰਘ, ਜਰਨੈਲ ਸਿੰਘ, ਕਥਾ ਵਾਚਕ ਭਾਈ ਸਤਵੰਤ ਸਿੰਘ, ਜਜ਼ਬੀਰ ਸਿੰਘ, ਵਿਕਰਮ ਸਿੰਘ, ਪ੍ਰਕਾਸ਼ ਸਿੰਘ, ਉਮੇਸ਼ ਕੁਮਾਰ, ਕਬੀਰ ਕੁਮਾਰ, ਮਹੇਸ਼ ਕੁਮਾਰ, ਹਰਵਿੰਦਰ ਸਿੰਘ, ਬੀਬੀ ਜੀਆ ਕੌਰ, ਬੀਬੀ ਅਮਨਦੀਪ ਕੌਰ ਅਰੋੜਾ ਦੇ ਕੀਰਤਨੀ ਜਥਿਆਂ ਨੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ | ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ 'ਚ ਈ. ਟੀ. ਪੀ. ਬੀ. ਦੇ ਚੇਅਰਮੈਨ ਬੋਰਡ ਕਮਰ-ਉਜ਼-ਜ਼ਮਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਤੋਂ ਇਲਾਵਾ ਧਾਰਮਿਕ ਸਮਾਗਮ 'ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ, ਵਧੀਕ ਸਕੱਤਰ (ਸ਼ਰਾਈਨਜ਼) ਨਾਸਿਰ ਮੁਸ਼ਤਾਕ, ਡਿਪਟੀ ਸਕੱਤਰ ਫਰਾਜ਼ ਅੱਬਾਸ, ਸਕੱਤਰ ਜਨਰਲ ਸਤਵੰਤ ਕੌਰ, ਡਾ. ਮਿਮਪਾਲ ਸਿੰਘ, ਤਾਰਾ ਸਿੰਘ, ਮਹੇਸ਼ ਸਿੰਘ, ਬਿਸ਼ਨ ਸਿੰਘ, ਸੰਤੋਖ ਸਿੰਘ, ਭਗਤ ਸਿੰਘ, ਗਿਆਨੀ ਰਣਜੀਤ ਸਿੰਘ, ਗਿਆਨੀ ਮਨਜੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥਾ ਆਗੂ ਭੁਪਿੰਦਰ ਸਿੰਘ ਭਲਵਾਨ, ਗੁਰਮੀਤ ਸਿੰਘ ਬੂਹ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਪਰਮਜੀਤ ਸਿੰਘ ਚੰਡੋਕ ਆਦਿ ਹਾਜ਼ਰ ਸਨ | ਚੇਅਰਮੈਨ ਕਮਰ-ਉਜ਼-ਜ਼ਮਾਨ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪਾਕਿਸਤਾਨ ਸਾਰੇ ਧਰਮਾਂ ਦੇ ਪਵਿੱਤਰ ਸਥਾਨਾਂ ਦੀ ਰੱਖਿਆ, ਬਹਾਲੀ ਅਤੇ ਸੇਵਾ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਹੀ ਦੁਨੀਆ 'ਚ ਸ਼ਾਂਤੀ ਅਤੇ ਪਿਆਰ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ | ਸ਼੍ਰੋਮਣੀ ਕਮੇਟੀ ਦੇ ਜਥਾ ਆਗੂ ਭੁਪਿੰਦਰ ਸਿੰਘ ਭਲਵਾਨ ਨੇ ਕਿਹਾ ਕਿ ਸਿੱਖ ਸ਼ਰਧਾਲੂ ਪਾਕਿ ਤੋਂ ਖ਼ੂਬਸੂਰਤ ਯਾਦਾਂ ਲੈ ਕੇ ਵਾਪਸ ਜਾਣਗੇ | ਉਨ੍ਹਾਂ ਕਿਹਾ ਕਿ ਪਾਕਿ 'ਚ ਗੁਰਦੁਆਰਿਆਂ ਦੀ ਦੇਖਭਾਲ, ਰਿਹਾਇਸ਼, ਲੰਗਰ, ਆਵਾਜਾਈ, ਡਾਕਟਰੀ ਸਹੂਲਤਾਂ ਅਤੇ ਸੁਰੱਖਿਆ ਪ੍ਰਬੰਧ ਸ਼ਲਾਘਾਯੋਗ ਹਨ | ਵਧੀਕ ਸਕੱਤਰ ਨਾਸਿਰ ਮੁਸ਼ਤਾਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਧਰਮ ਪਾਕਿ ਦੀ ਧਰਤੀ 'ਤੇ ਹੋਂਦ 'ਚ ਆਇਆ ਅਤੇ ਸਿੱਖਾਂ ਦਾ ਪਹਿਲਾ ਘਰ ਵੀ ਪਾਕਿਸਤਾਨ ਹੈ | ਉਨ੍ਹਾਂ ਕਿਹਾ ਕਿ ਪਾਕਿ ਸਰਕਾਰ ਨੇ ਕਦੇ ਵੀ ਕਿਸੇ ਵੀ ਸਿੱਖ ਸ਼ਰਧਾਲੂ ਨੂੰ ਧਾਰਮਿਕ ਰਸਮਾਂ ਨਿਭਾਉਣ ਲਈ ਪਾਕਿਸਤਾਨ ਆਉਣ ਤੋਂ ਨਹੀਂ ਰੋਕਿਆ | ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਪਾਕਿਸਤਾਨ ਦੇ ਦਰਵਾਜ਼ੇ ਸਿੱਖ ਕੌਮ ਲਈ ਹਮੇਸ਼ਾ ਖੁੱਲ੍ਹੇ ਹਨ | ਉਨ੍ਹਾਂ ਕਿਹਾ ਕਿ ਪਾਕਿ ਵਿਚਲੇ ਗੁਰਦੁਆਰਿਆਂ ਅਤੇ ਮੰਦਰਾਂ ਦੀ ਬਹਾਲੀ ਲਈ ਵਿਹਾਰਕ ਕਦਮ ਚੁੱਕੇ ਜਾ ਰਹੇ ਹਨ | ਉਨ੍ਹਾਂ ਅਨੁਸਾਰ ਸ਼ੁਰੂਆਤੀ ਪੜਾਅ 'ਚ 17 ਗੁਰਦੁਆਰਿਆਂ ਦੀ ਬਹਾਲੀ ਅਤੇ ਵਿਕਾਸ ਕਾਰਜਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ | ਬਿਸ਼ਨ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਸੰਬੰਧਿਤ ਵੱਡੀ ਗਿਣਤੀ 'ਚ ਯਾਦਗਾਰਾਂ ਮੌਜੂਦਾ ਸਮੇਂ ਪਾਕਿ ਦੇ ਵੱਖ-ਵੱਖ ਸ਼ਹਿਰਾਂ 'ਚ ਮੌਜੂਦ ਹਨ ਅਤੇ ਸਰਕਾਰ ਉਨ੍ਹਾਂ ਦੇ ਰੱਖ-ਰਖਾਅ ਲਈ ਵਿਸ਼ੇਸ਼ ਯਤਨ ਕਰ ਰਹੀ ਹੈ |
ਲਾਹੌਰ 'ਚ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ ਸ਼ਹੀਦੀ ਪੁਰਬ
ਅਜੀਤ ਡੈਸਕ
17-06-2026