ਚੰਡੀਗੜ੍ਹ, 16 ਜੂਨ (ਕਪਿਲ ਵਧਵਾ)-ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਸੰਸਥਾ ਕ੍ਰੈਸਟ (ਚੰਡੀਗੜ੍ਹ ਰੀਨਿਊਏਬਲ ਐਨਰਜੀ ਸਾਇੰਸ ਐਂਡ ਟੈਕਨੀਕਲ ਪ੍ਰਮੋਸ਼ਨ ਸੁਸਾਇਟੀ) ਨਾਲ ਜੁੜੇ 75.34 ਕਰੋੜ ਰੁਪਏ ਦੇ ਫੰਡ ਘੁਟਾਲੇ 'ਚ ਪਹਿਲਾ ਦੋਸ਼ ਪੱਤਰ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਚੰਡੀਗੜ੍ਹ 'ਚ ਦਾਖ਼ਲ ਕੀਤਾ ਹੈ | ਦੋਸ਼ ਪੱਤਰ 'ਚ ਆਈ.ਡੀ.ਐਫ.ਸੀ. ਫਸਟ ਬੈਂਕ ਦੇ 5 ਅਧਿਕਾਰੀਆਂ, ਕ੍ਰੈਸਟ ਦੇ 2 ਸਰਕਾਰੀ ਕਰਮਚਾਰੀਆਂ, 2 ਸ਼ੈੱਲ ਕੰਪਨੀਆਂ ਅਤੇ 4 ਨਿੱਜੀ ਵਿਅਕਤੀਆਂ ਸਮੇਤ ਕੁੱਲ 13 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ | ਸੀ.ਬੀ.ਆਈ. ਅਨੁਸਾਰ ਸਾਰੇ ਮੁਲਜ਼ਮ ਇਸ ਸਮੇਂ ਨਿਆਂਇਕ ਹਿਰਾਸਤ 'ਚ ਹਨ | ਉਨ੍ਹਾਂ ਖ਼ਿਲਾਫ਼ ਅਪਰਾਧਿਕ ਸਾਜ਼ਿਸ਼, ਅਮਾਨਤ ਵਿਚ ਖ਼ਿਆਨਤ, ਧੋਖਾਧੜੀ, ਜਾਅਲਸਾਜ਼ੀ, ਸਬੂਤ ਨਸ਼ਟ ਕਰਨ ਅਤੇ ਭਿ੍ਸ਼ਟਾਚਾਰ ਰੋਕੂ ਕਾਨੂੰਨ, 1988 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ | ਜਾਂਚ ਏਜੰਸੀ ਮੁਤਾਬਕ ਕ੍ਰੈਸਟ ਦੇ ਬੈਂਕ ਖਾਤਿਆਂ 'ਚੋਂ 75.34 ਕਰੋੜ ਰੁਪਏ ਦੀ ਸਰਕਾਰੀ ਰਕਮ ਆਈ.ਡੀ.ਐਫ.ਸੀ. ਫਸਟ ਬੈਂਕ ਦੇ ਕੁਝ ਅਧਿਕਾਰੀਆਂ ਅਤੇ ਕ੍ਰੈਸਟ ਦੇ ਸਰਕਾਰੀ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਗ਼ੈਰ-ਕਾਨੂੰਨੀ ਢੰਗ ਨਾਲ ਕੱਢੀ ਗਈ | ਬਾਅਦ 'ਚ ਇਹ ਰਕਮ ਕਈ ਨਿੱਜੀ ਵਿਅਕਤੀਆਂ ਅਤੇ ਸੰਸਥਾਵਾਂ ਤੱਕ ਪਹੁੰਚਾਈ ਗਈ, ਜਿਨ੍ਹਾਂ ਨੂੰ ਇਸ ਤੋਂ ਆਰਥਿਕ ਲਾਭ ਮਿਲਿਆ | ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਨੇ ਪਹਿਲਾਂ ਹੀ ਹਰਿਆਣਾ ਨਾਲ ਸੰਬੰਧਿਤ ਮਾਮਲੇ ਵਿਚ 17 ਮੁਲਜ਼ਮਾਂ ਖ਼ਿਲਾਫ਼ ਦੋ ਦੋਸ਼ ਪੱਤਰਾਂ ਅਤੇ ਚੰਡੀਗੜ੍ਹ ਸਮਾਰਟ ਸਿਟੀ ਪ੍ਰੋਜੈਕਟ ਮਾਮਲੇ ਵਿਚ 7 ਮੁਲਜ਼ਮਾਂ ਖ਼ਿਲਾਫ਼ ਇਕ ਦੋਸ਼ ਪੱਤਰ ਦਾਖ਼ਲ ਕਰ ਚੁੱਕੀ ਹੈ | ਹੁਣ ਕ੍ਰੈਸਟ ਘੁਟਾਲੇ 'ਚ 11 ਮੁਲਜ਼ਮਾਂ ਅਤੇ 2 ਸੈੱਲ ਕੰਪਨੀਆਂ ਖ਼ਿਲਾਫ਼ ਪਹਿਲਾ ਦੋਸ਼ ਪੱਤਰ ਦਾਖ਼ਲ ਹੋਣ ਨਾਲ ਮਾਮਲੇ ਦੀ ਜਾਂਚ ਨੇ ਅਹਿਮ ਮੋੜ ਲੈ ਲਿਆ ਹੈ |
ਚੰਡੀਗੜ੍ਹ ਕ੍ਰੈਸਟ ਘੁਟਾਲਾ-ਸੀ.ਬੀ.ਆਈ. ਵਲੋਂ 75.34 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ 'ਚ ਪਹਿਲਾ ਦੋਸ਼ ਪੱਤਰ ਦਾਖ਼ਲ <br/>
ਅਜੀਤ ਡੈਸਕ
17-06-2026