21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਪਾਕਿ ’ਚ ਸਿੰਧ ਸੂਬੇ ਦੀ ਪੁਲਿਸ ਨੇ ਸਿੱਖ ਕਿਸਾਨ ਨੂੰ ‘ਡਾਕੂ’ ਵਜੋਂ ਕੀਤਾ ਪੇਸ਼ ਲਹਿੰਦੇ ਪੰਜਾਬ ਦੀ ਪੁਲਿਸ ਵੀ ਚਾਰ ਸਿੱਖਾਂ ਨੂੰ ਅੱਤਵਾਦੀ ਵਜੋਂ ਕਰ ਚੁਕੀ ਪੇਸ਼

ਅਜੀਤ ਡੈਸਕ 18-06-2026
ਅੰਮ੍ਰਿਤਸਰ, 17 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ‘ਚ ਪੁਲਿਸ ਵਲੋਂ ਨਿਰਦੋਸ਼ ਸਿੱਖਾਂ ਨੂੰ ਅੱਤਵਾਦੀ ਜਾਂ ਡਾਕੂ ਵਜੋਂ ਪੇਸ਼ ਕਰਨ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਹਨ। ਤਾਜ਼ਾ ਮਾਮਲੇ ਦੇ ਚੱਲਦਿਆਂ ਸੂਬਾ ਸਿੰਧ ਦੇ ਜ਼ਿਲ੍ਹਾ ਕਸ਼ਮੋਰ ਵਿਖੇ ਨਜ਼ਦੀਕੀ ਪਿੰਡ ‘ਚ ਰਹਿੰਦੇ ਪ੍ਰਹਲਾਦ ਸਿੰਘ ਉਰਫ਼ ਗੁੱਡੂ ਨਾਮੀ ਗਰੀਬ ਕਿਸਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਮੀਡੀਆ ਸਾਹਮਣੇ ਡਾਕੂ ਵਜੋਂ ਪੇਸ਼ ਕੀਤਾ ਹੈ। ਜਿਸ ਤੋਂ ਬਾਅਦ ਉੱਥੋਂ ਦੀ ਮੀਡੀਆ ਵਲੋਂ ਬਕਾਇਦਾ ਆਪਣੀਆਂ ਰਿਪੋਰਟਾਂ ‘ਚ ‘ਖ਼ੂੰਖ਼ਾਰ ਡਾਕੂ’ ਗੁੱਡੂ ਨੂੰ ਗ੍ਰਿਫ਼ਤਾਰ ਕਰਨ ਵਾਲੀ ਸੰਬੰਧਿਤ ਪੁਲਿਸ ਟੀਮ ਨੂੰ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕਰਨ ਲਈ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਅਪੀਲ ਵੀ ਕੀਤੀ ਗਈ। ਸੂਬਾ ਸਿੰਧ ਦੇ ਇਕ ਸਿੱਖ ਆਗੂ ਨੇ ਇਸ ਬਾਰੇ ‘ਚ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਸ਼ਮੋਰ ਦੀ ਫਲਾਜ ਮਿੱਲ ਦੇ ਨਾਲ ਡੇਰਾ ਮੋਹ ਘੋੜੀ ਹੋਟਲ ਦੇ ਪਿਛਲੇ ਪਾਸੇ ਗੁੱਡੂ ਨੇ ਆਪਣੀ ਥੋੜ੍ਹੀ ਜਿਹੀ ਜ਼ਮੀਨ ‘ਚ ਵੇਚਣ ਲਈ ਸਬਜ਼ੀਆਂ ਉਗਾਈਆਂ ਹੋਈਆਂ ਹਨ। ਸਬਜ਼ੀਆਂ ਨੂੰ ਪਾਣੀ ਦੇਣ ਲਈ ਜਦੋਂ ਉਸ ਨੇ ਇਲਾਕੇ ਦੇ ਵਡੇਰੇ ਭਿੰਡੀ ਖ਼ਾਨ ਦੇ ਟ੍ਰਾਂਸਫਾਰਮਰ ‘ਚ ਕੁੰਡੀ ਲਗਾ ਕੇ ਚੋਰੀ ਮੋਟਰ ਚਲਾਈ ਤਾਂ ਪਤਾ ਲੱਗਣ ‘ਤੇ ਵਡੇਰੇ ਨੇ ਗੁੱਡੂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਗੁੱਡੂ ਨੂੰ ਡਾਕੂ ਵਜੋਂ ਪੇਸ਼ ਕਰਦਿਆਂ ਉਸ ਖ਼ਿਲਾਫ਼ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਪਹਿਲੇ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਤੋਂ ਨਾਟਕੀ ਢੰਗ ਨਾਲ ਪੋਲੀ� ਦੇ ਸ਼ਿਕਾਰ ਅਪਾਹਜ ਸਿੱਖ ਨੌਜਵਾਨ ਬਾਦਲ ਸਿੰਘ (30 ਸਾਲ), ਉਸ ਦੇ ਭਰਾ ਸੂਰਜ ਸਿੰਘ ਅਤੇ ਬਜ਼ੁਰਗ ਪਿਤਾ ਮਨਮੋਹਨ ਸਿੰਘ ਨੂੰ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਆਦੇਸ਼ਾਂ ‘ਤੇ ਅੱਤਵਾਦ ਵਿਰੋਧੀ ਵਿਭਾਗ (ਸੀ. ਟੀ. ਡੀ.) ਵਲੋਂ ਗ੍ਰਿਫ਼ਤਾਰ ਕਰਕੇ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨਾਲ ਸੰਬੰਧਿਤ ‘ਖ਼ੂੰਖ਼ਾਰ ਅੱਤਵਾਦੀ’ ਦੱਸਿਆ ਗਿਆ ਸੀ। ਇਸੇ ਤਰ੍ਹਾਂ ਪਾਕਿ ਸਥਿਤ ਗੁਰਦੁਆਰਿਆਂ ਦੇ ਗੁੰਬਦਾਂ ਦੀ ਸੇਵਾ ਕਰਨ ਵਾਲੇ ਸਿੱਖ ਮਜ਼ਦੂਰ ਮੋਰ ਸਿੰਘ ਨੂੰ ਵੀ ਅੱਤਵਾਦੀ ਦੱਸਦਿਆਂ ਕੁਝ ਮਹੀਨੇ ਹਿਰਾਸਤ ਵਿਚ ਰੱਖਣ ਤੋਂ ਬਾਅਦ ਛੱਡ ਦਿੱਤਾ ਗਿਆ।
ਪਿਛਲੀ ਖ਼ਬਰ ਅਮਰੀਕਾ ਸਥਿਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਵਲੋਂ ਸ਼੍ਰੋਮਣੀ ਕਮੇਟੀ ਵਫ਼ਦ ਦਾ ਸਨਮਾਨ ਅਗਲੀ ਖ਼ਬਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਚੈਰੀ ਵਰਗੇ ਨਾਸ਼ਵਾਨ ਫਲਾਂ ਦੀ ਬੁਕਿੰਗ ਲਈ ਇਕ ਪ੍ਰਮੁੱਖ ਹੱਬ ਵਜੋਂ ਉਭਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।