02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਮਜੀਠੀਆ ਨੇ ਮੁੱਖ ਮੰਤਰੀ ਦੀ ਵਿਵਾਦਤ ਵੀਡੀਓ ਦੀ ਸਰਕਾਰ ਵਲੋਂ ਕਰਵਾਈ ਫੋਰੈਂਸਿਕ ਜਾਂਚ ਰਿਪੋਰਟ ’ਤੇ ਉਠਾਏ ਸਵਾਲ

ਅਜੀਤ ਡੈਸਕ 24-06-2026

ਅੰਮ੍ਰਿਤਸਰ, 23 ਜੂਨ (ਜਸਵੰਤ ਸਿੰਘ ਜੱਸ)-ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਵਿਵਾਦਤ ਵੀਡੀਓ ਦੀ ਸਰਕਾਰ ਵਲੋਂ ਕਰਵਾਈ ਫੋਰੈਂਸਿਕ ਜਾਂਚ ਦੀ ਰਿਪੋਰਟ ’ਤੇ ਸਵਾਲ ਉਠਾਉਂਦਿਆਂ ਤੇ ਇਸਨੂੰ ਫਰਜ਼ੀ ਕਰਾਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਡੀ. ਜੀ. ਪੀ. ਪੰਜਾਬ ਤੋਂ ਅਸਤੀਫੇ ਦੀ ਮੰਗ ਕੀਤੀ ਅਤੇ ਹਰਿਆਣਾ ਸਰਕਾਰ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ। ਅੱਜ ਸ਼ਾਮ ਇਥੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਦੋਸ਼ ਲਾਇਆ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਮੁੱਖ ਮੰਤਰੀ ਦੀ ਉਕਤ ਇਤਰਾਜ਼ਯੋਗ ਵੀਡੀਓ ਦੀ ਦੋ ਨਾਮਵਰ ਫੋਰੈਂਸਿਕ ਲੈਬਜ਼ ਤੋਂ ਕਰਵਾਈ ਜਾਂਚ ਦੀਆਂ ਰਿਪੋਰਟਾਂ ਨੂੰ ਝੁਠਲਾਉਣ ਲਈ ਮੁੱੱਖ ਮੰਤਰੀ ਹਾਊਸ ਵਿਖੇ ਕਥਿਤ ਤੌਰ ’ਤੇ ਸਾਜ਼ਿਸ ਰਚੀ ਗਈ ਸੀ ਤੇ ਸਰਕਾਰ ਵਲੋਂ ਹਰਿਆਣਾ ਦੇ ਗੁੜਗਾਉਂ (ਗੁਰੂਗ੍ਰਾਮ) ਸਥਿਤ ਜਿਸ ਫੋਰੈਂਸਿਕ ਲੈਬ ਤੋਂ ਜਾਂਚ ਕਰਵਾਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਫਰਜ਼ੀ ਹੈ। ਉਨ੍ਹਾਂ ਕਿਹਾ ਕਿ ਵੀਡੀਓ ਦੀ ਕਥਿਤ ਤੌਰ ‘ਤੇ ਜ਼ਾਅਲੀ ਫੋਰੈਂਸਿਕ ਜਾਂਚ ਰਿਪੋਰਟ ਤਿਆਰ ਕਰਵਾ ਕੇ ਮੁੱਖ ਮੰਤਰੀ ਵਲੋਂ ਅਕਾਲ ਤਖ਼ਤ ਸਾਹਿਬ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਹੈ। ਮਜੀਠੀਆ ਨੇ ਇਹ ਵੀ ਦੋਸ਼ ਲਾਇਆ ਕਿ ਸਾਈਬਰ ਕ੍ਰਾਈਮ ਸੈੱਲ ਦੇ ਕੁਝ ਉੱਚ ਅਧਿਕਾਰੀਆਂ ਨੇ ਗੁੜਗਾਉਂ ਸਥਿਤ ਇਕ ਹੋਟਲ ਵਿਚ ਇਸ ਕਥਿਤ ਜਾਂਚ ਰਿਪੋਰਟ ਨੂੰ ਤਿਆਰ ਕਰਾਉਣ ਲਈ 15 ਤੋਂ 17 ਜੂਨ ਦਰਮਿਆਨ ਕੁਝ ਵਿਅਕਤੀਆਂ ਨਾਲ ਮੀਟਿੰਗਾਂ ਕੀਤੀਆਂ ਸਨ ਤੇ ਇਸ ਲਈ ਕਥਿਤ ਤੌਰ ’ਤੇ ਕੁਝ ਵਿਅਕਤੀਆਂ ਨੂੰ ਲੱਖਾਂ ਰੁਪਏ ਵੀ ਦਿੱਤੇ ਗਏ ਸਨ। ਉਨ੍ਹਾਂ ਮੁੱਖ ਮੰਤਰੀ ਦੀ ਵੀਡੀਓ ਦੀ ਜਾਂਚ ਰਿਪੋਰਟ ਤਿਆਰ ਕਰਨ ਵਾਲੇ ਕਥਿਤ ਫੋਰੈਂਸਿਕ ਲੈਬ ਸੰਚਾਲਕਾਂ ਅਤੇ ਸਾਈਬਰ ਕ੍ਰਾਈਮ ਦੇ ਪੁਲਿਸ ਅਧਿਕਾਰੀਆਂ ਦਰਮਿਆਨ ਹੋਈ ਕਥਿਤ ਚੈਟ ਵੀ ਜਨਤਕ ਕੀਤੀ, ਜਿਸ ਵਿਚ ਪੁਲਿਸ ਅਧਿਕਾਰੀਆਂ ਵਲੋਂ ਜਾਂਚ ਰਿਪੋਰਟ ਮਨਮਰਜ਼ੀ ਨਾਲ ਤਿਆਰ ਕਰਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਨਕਲੀ ਜਾਂਚ ਰਿਪੋਰਟ ਤਿਆਰ ਕਰਾਉਣਾ ਜਿੱਥੇ ਵੱਡਾ ਅਪਰਾਧ ਹੈ, ਉਥੇ ਅਕਾਲ ਤਖ਼ਤ ਸਾਹਿਬ ਨੂੰ ਵੀ ਸਿੱਧੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹੁਣੇ ਪਤਾ ਲੱਗਾ ਹੈ ਕਿ ਹਰਿਆਣਾ ਵਿਚ ਗੁੜਗਾਉਂ ਪੁਲਿਸ ਵਲੋਂ ਇਸ ਮਾਮਲੇ ਵਿਚ ਕੁਝ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ, ਪਰ ਉਨ੍ਹਾਂ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਤੋਂ ਮੰਗ ਕੀਤੀ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਸਾਰੇ ਦੋਸ਼ੀਆਂ ਖ਼ਿਲਾਫ਼ ਪਰਚੇ ਦਰਜ ਕਰਨ, ਭਾਵੇਂ ਦੋਸ਼ੀ ਕਿੰਨੇ ਵੀ ਵੱਡੇ ਅਹੁਦੇ ’ਤੇ ਹੋਣ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਵਿਵਾਦਤ ਵੀਡੀਓ ਦੀ ਫਰਜ਼ੀ ਫੋਰੈਂਸਿਕ ਜਾਂਚ ਸੰਬੰਧੀ ਜੋ ਤੱਥ ਤੇ ਸਬੂਤ ਉਨ੍ਹਾਂ ਕੋਲ ਹਨ, ਉਹ ਜਥੇਦਾਰ ਅਕਾਲ ਤਖ਼ਤ ਸਾਹਿਬ ਤੱਕ ਵੀ ਜਲਦ ਪੁੱਜਦਾ ਕਰਨਗੇ । ਉਨ੍ਹਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਸਵਾਲ ਕੀਤਾ ਕਿ ਉਹ ਸਪੱਸ਼ਟ ਕਰਨ ਕਿ ਉਹ ਹੁਣ ਭਗਵੰਤ ਮਾਨ ਦੇ ਨਾਲ ਹਨ ਕਿ ਪੰਜਾਬ ਨਾਲ । ਇਸ ਮੌਕੇ ਮਜੀਠੀਆ ਦੀ ਪਤਨੀ ਤੇ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਤੇ ਮਜੀਠਾ ਹਲਕੇ ਦੇ ਹੋਰ ਆਗੂ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਡੇਅਰੀ ਵਿਕਾਸ ਵਿਭਾਗ ਨੇ ਦੁੱਧ ਖ਼ਪਤਕਾਰ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਪੰਜਾਬ ਦੇ ਬਿਜਲੀ ਸੰਕਟ ਨੇ ਮਾਨ ਸਰਕਾਰ ਦੀ ਪੋਲ ਖੋਲ੍ਹੀ-ਬਾਜਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।