ਚੰਡੀਗੜ੍ਹ, 23 ਜੂਨ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ ਹਾਲ ਹੀ ਦੇ ਪੰਜਾਬ ਦੌਰੇ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਦਲਿਤ ਵਿਰੋਧੀ ਮਾਨਸਿਕਤਾ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਇਕ ਹਾਲੀਆ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਖੁਲਾਸਾ ਕੀਤਾ ਕਿ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਸੋਮ ਪ੍ਰਕਾਸ਼ ਵਰਗੇ ਸੀਨੀਅਰ ਐਸ.ਸੀ. ਆਗੂਆਂ ਨੂੰ ਦਰਸ਼ਕਾਂ ਵਿਚ ਖੜ੍ਹਾ ਰੱਖਿਆ ਗਿਆ, ਜਦੋਂ ਕਿ ਬਾਕੀ ਆਗੂ ਸਟੇਜ ’ਤੇ ਬੈਠੇ ਸਨ, ਜੋ ਕਿ ਸਿੱਧੇ ਤੌਰ ’ਤੇ ਅੰਨ੍ਹੇਵਾਹ ਵਿਤਕਰੇ ਨੂੰ ਦਰਸਾਉਂਦਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਸਿਰਫ਼ ਇਕ ਖਾਸ ਅਮੀਰ ਵਰਗ ਦਾ ਹੀ ਸਤਿਕਾਰ ਕਰਦੀ ਹੈ ਜਦੋਂ ਕਿ ਦਲਿਤਾਂ, ਮਜ਼ਦੂਰਾਂ ਅਤੇ ਗਰੀਬਾਂ ਨੂੰ ਯੋਜਨਾਬੱਧ ਤਰੀਕੇ ਨਾਲ ਹਾਸ਼ੀਏ ’ਤੇ ਧੱਕ ਕੇ ਅਪਮਾਨਿਤ ਕੀਤਾ ਜਾਂਦਾ ਹੈ। ਆਪ ਪੰਜਾਬ ਐਸ.ਸੀ. ਵਿੰਗ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਜੀ.ਪੀ ਦੇ ਨਾਲ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਬੀ) ਦੇ 2024 ਦੇ ਅੰਕੜਿਆਂ ਅਨੁਸਾਰ, ਦੇਸ਼ ਵਿਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਵਿਰੁੱਧ ਹੋਣ ਵਾਲੇ ਅਪਰਾਧਾਂ ਦਾ ਲਗਭਗ 65% ਹਿੱਸਾ ਭਾਜਪਾ ਸ਼ਾਸਤ ਚਾਰ ਰਾਜਾਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਤੋਂ ਸਾਹਮਣੇ ਆਇਆ ਹੈ।
ਨਿਤਿਨ ਨਬੀਨ ਦੇ ਪਾਰਟੀ ਪ੍ਰੋਗਰਾਮ ਵਿਚ ਐਸ.ਸੀ. ਆਗੂਆਂ ਦਾ ਕੀਤਾ ਅਪਮਾਨ-ਹਰਪਾਲ ਸਿੰਘ ਚੀਮਾ
ਅਜੀਤ ਡੈਸਕ
24-06-2026