ਗੁਰਪ੍ਰੀਤ ਸਿੰਘ ਚੱਠਾ
ਪਟਿਆਲਾ, 23 ਜੂਨ-ਪੰਜਾਬ ’ਚ ਰਾਜ ਮਿਸਤਰੀਆਂ ਦੀ ਲਗਾਤਾਰ ਘੱਟ ਰਹੀ ਗਿਣਤੀ ਕਾਰਨ ਉਸਾਰੀ ਖੇਤਰ ਨਾਲ ਜੁੜੇ ਲੋਕਾਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਜਿੱਥੇ ਸੂਬੇ ’ਚ ਘਰਾਂ, ਵਪਾਰਕ ਇਮਾਰਤਾਂ ਅਤੇ ਹੋਰ ਵਿਕਾਸ ਪ੍ਰਾਜੈਕਟਾਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਉੱਥੇ ਦੂਜੇ ਪਾਸੇ ਤਜ਼ਰਬੇਕਾਰ ਰਾਜ ਮਿਸਤਰੀਆਂ ਦੀ ਘਾਟ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਕੁੱਝ ਸਾਲ ਪਹਿਲਾਂ ਇਕ ਪਿੰਡ ’ਚ 8 ਤੋਂ 10 ਰਾਜ ਮਿਸਤਰੀ ਆਸਾਨੀ ਨਾਲ ਮਿਲ ਜਾਂਦੇ ਸਨ ਪਰ ਹੁਣ ਕਈ ਪਿੰਡਾਂ ’ਚ ਇਹ ਗਿਣਤੀ ਘੱਟ ਕੇ ਸਿਰਫ਼ ਦੋ ਜਾਂ ਤਿੰਨ ਰਹਿ ਗਈ ਹੈ । ਇਸ ਕਾਰਨ ਮਕਾਨ ਬਣਾਉਣ ਵਾਲੇ ਲੋਕਾਂ ਨੂੰ ਮਹੀਨਿਆਂ ਤੱਕ ਮਿਸਤਰੀਆਂ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਕਈ ਉਸਾਰੀ ਪ੍ਰਾਜੈਕਟਾਂ ’ਚ ਦੇਰੀ ਹੋ ਰਹੀ ਹੈ। ਉਸਾਰੀ ਖੇਤਰ ਨਾਲ ਜੁੜੇ ਮਾਹਿਰਾਂ ਅਨੁਸਾਰ ਪਹਿਲਾਂ ਘਰਾਂ ਦਾ ਆਕਾਰ ਛੋਟਾ ਹੁੰਦਾ ਸੀ ਅਤੇ ਉਸਾਰੀ ਦਾ ਕੰਮ ਵੀ ਘੱਟ ਸਮੇਂ ’ਚ ਮੁਕੰਮਲ ਹੋ ਜਾਂਦਾ ਸੀ ਪਰ ਹੁਣ ਵੱਡੇ ਅਤੇ ਆਧੁਨਿਕ ਮਕਾਨਾਂ ਦੇ ਰੁਝਾਨ ਕਾਰਨ ਇਕ ਹੀ ਪ੍ਰੋਜੈਕਟ ਉੱਤੇ ਮਿਸਤਰੀਆਂ ਨੂੰ ਲੰਬੇ ਸਮੇਂ ਤੱਕ ਕੰਮ ਕਰਨਾ ਪੈਂਦਾ ਹੈ। ਇਸ ਨਾਲ ਨਵੇਂ ਕੰਮਾਂ ਲਈ ਮਿਸਤਰੀਆਂ ਦੀ ਉਪਲਬਧਤਾ ਹੋਰ ਘੱਟ ਹੋ ਜਾਂਦੀ ਹੈ। ਮਿਸਤਰੀਆਂ ਦੀ ਘਾਟ ਦਾ ਇਕ ਵੱਡਾ ਕਾਰਨ ਨਵੀਂ ਪੀੜ੍ਹੀ ਦਾ ਇਸ ਕਿੱਤੇ ਤੋਂ ਦੂਰ ਹੋਣਾ ਵੀ ਮੰਨਿਆ ਜਾ ਰਿਹਾ ਹੈ । ਜਾਣਕਾਰਾਂ ਦਾ ਕਹਿਣਾ ਹੈ ਕਿ ਰਾਜ ਮਿਸਤਰੀ ਦਾ ਕੰਮ ਸਖ਼ਤ ਮਿਹਨਤ ਵਾਲਾ ਹੁੰਦਾ ਹੈ, ਜਿਸ ’ਚ ਤਿੱਖੀ ਧੁੱਪ, ਮੀਂਹ ਅਤੇ ਹੋਰ ਮੌਸਮੀ ਚੁਨੌਤੀਆਂ ਦੇ ਨਾਲ-ਨਾਲ ਉੱਚੀਆਂ ਅਤੇ ਜ਼ੋਖ਼ਮ ਭਰੀਆਂ ਥਾਵਾਂ ’ਤੇ ਕੰਮ ਕਰਨਾ ਪੈਂਦਾ ਹੈ। ਰਾਜ ਮਿਸਤਰੀਆਂ ਅਤੇ ਠੇਕੇਦਾਰਾਂ ਦਾ ਕਹਿਣਾ ਹੈ ਕਿ ਕੰਮ ਲਈ ਲੋੜੀਂਦੀ ਲੇਬਰ ਸਮੇਂ ਸਿਰ ਉਪਲਬਧ ਨਹੀਂ ਹੁੰਦੀ, ਜਿਸ ਕਾਰਨ ਕੰਮ ਦੀ ਰਫ਼ਤਾਰ ਪ੍ਰਭਾਵਿਤ ਹੁੰਦੀ ਹੈ। ਲੇਬਰ ਦੀ ਕਮੀ ਅਤੇ ਉਸ ਨਾਲ ਜੁੜੀਆਂ ਸਿਰਦਰਦੀਆਂ ਕਾਰਨ ਕਈ ਤਜਰਬੇਕਾਰ ਮਿਸਤਰੀ ਵੀ ਇਸ ਕਿੱਤੇ ਤੋਂ ਦੂਰੀ ਬਣਾਉਣ ਲੱਗੇ ਹਨ । ਠੇਕੇਦਾਰਾਂ ਅਤੇ ਆਮ ਲੋਕਾਂ ਨੇ ਚਿੰਤਾ ਜਤਾਈ ਹੈ ਕਿ ਜੇਕਰ ਇਸ ਸਮੱਸਿਆ ਦੇ ਹੱਲ ਲਈ ਸਮੇਂ ਸਿਰ ਕੋਈ ਯੋਜਨਾ ਨਾ ਬਣਾਈ ਗਈ ਤਾਂ ਆਉਣ ਵਾਲੇ ਸਾਲਾਂ ’ਚ ਉਸਾਰੀ ਖੇਤਰ ਨੂੰ ਹੋਰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰਾਜ ਮਿਸਤਰੀਆਂ ਦੀ ਲਗਾਤਾਰ ਵੱਧ ਰਹੀ ਘਾਟ ਉਸਾਰੀ ਕਾਰਜਾਂ ’ਚ ਬਣ ਰਹੀ ਹੈ ਅੜਿੱਕਾ
ਅਜੀਤ ਡੈਸਕ
24-06-2026