14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਪਾਕਿਸਤਾਨੀ ਫ਼ੌਜ ਨੇ ਕਸ਼ਮੀਰੀਆਂ ਨੂੰ ਦਿੱਤੇ ਹਥਿਆਰ, ਹੁਣ ਸਾਨੂੰ ਦੱਸਿਆ ਜਾ ਰਿਹਾ ਅੱਤਵਾਦੀ-ਅਮਨ ਖ਼ਾਨ ਪੀ.ਓ.ਕੇ. ’ਚ ਪਾਕਿ ਵਿਰੋਧੀ ਪ੍ਰਦਰਸ਼ਨ ਤੇਜ਼

ਅਜੀਤ ਡੈਸਕ 04-07-2026
ਅੰਮ੍ਰਿਤਸਰ, 3 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ‘ਚ ਪਾਕਿ ਸਰਕਾਰ ਅਤੇ ਫ਼ੌਜ ਵਿਰੁੱਧ ਵਿਰੋਧ ਪ੍ਰਦਰਸ਼ਨ ਤੇਜ਼ ਹੁੰਦੇ ਜਾ ਰਹੇ ਹਨ। ਵਿਰੋਧ ਪ੍ਰਦਰਸ਼ਨ ਦੇ 24ਵੇਂ ਦਿਨ ਲਗਭਗ 80,000 ਲੋਕ ਰਾਵਲਕੋਟ ਦੇ ਈਦਗਾਹ ਮੈਦਾਨ ‘ਚ ਇਕੱਠੇ ਹੋਏ। ਪ੍ਰਦਰਸ਼ਨਕਾਰੀਆਂ ਨੇ ਪਾਕਿ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਆਪਣੇ ਹੱਕਾਂ ਦੀ ਮੰਗ ਨੂੰ ਦੁਹਰਾਇਆ। ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਂਝੀ ਅਵਾਮੀ ਐਕਸ਼ਨ ਕਮੇਟੀ (ਜੇ. ਏ. ਏ. ਸੀ.) ਦੇ ਮੁਖੀ ਸਰਦਾਰ ਅਮਨ ਖਾਨ ਕਸ਼ਮੀਰੀ ਨੇ ਪਾਕਿਸਤਾਨੀ ਫ਼ੌਜ ‘ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਕਸ਼ਮੀਰੀਆਂ ਨੂੰ ਹਥਿਆਰ ਅਤੇ ਗੋਲਾ ਬਾਰੂਦ ਮੁਹੱਈਆ ਕਰਵਾਇਆ ਸੀ ਪਰ ਹੁਣ ਉਹੀ ਲੋਕ ਉਨ੍ਹਾਂ ਨੂੰ ਅੱਤਵਾਦੀ ਕਹਿ ਰਹੇ ਹਨ। ਅਮਨ ਖਾਨ ਨੇ ਦਾਅਵਾ ਕੀਤਾ ਕਿ ਫਰਵਰੀ 2025 ‘ਚ ਰਾਵਲਕੋਟ ਵਿਚ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦੀ ਰੈਲੀ ਹੋਈ ਸੀ, ਜਿਸ ‘ਚ ਲੋਕਾਂ ਨੇ ਖੁੱਲ੍ਹ ਕੇ ਏ. ਕੇ. 47 ਅਤੇ ਹੋਰ ਹਥਿਆਰ ਹੱਥਾਂ ‘ਚ ਲੈ ਕੇ ਨਾਲ ਹਿੱਸਾ ਲਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਉਸ ਸਮੇਂ ਰਾਵਲਕੋਟ ਦੇ ਡਿਪਟੀ ਕਮਿਸ਼ਨਰ ਨੇ ਨਾ ਸਿਰਫ਼ ਰੈਲੀ ਲਈ ਇਜਾਜ਼ਤ ਦਿੱਤੀ ਸੀ, ਬਲਕਿ ਸੁਰੱਖਿਆ ਵੀ ਪ੍ਰਦਾਨ ਕੀਤੀ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਹਥਿਆਰਾਂ ਨਾਲ ਰੈਲੀਆਂ ਕੀਤੀਆਂ ਜਾਂਦੀਆਂ ਸਨ ਅਤੇ ਹੁਣ ਸਾਨੂੰ ਕਸ਼ਮੀਰੀਆਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੀ ਧਰਤੀ ‘ਤੇ ਰਹਿਣ ਵਾਲੇ ਲੋਕ ਇਸ ਦੇ ਅਸਲੀ ਵਾਰਿਸ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅੰਦੋਲਨ 38 ਮੁੱਖ ਮੰਗਾਂ ‘ਤੇ ਕੇਂਦ੍ਰਿਤ ਹੈ। ਅਮਨ ਖ਼ਾਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਜਲਦੀ ਹੀ ਇਨ੍ਹਾਂ ਮੰਗਾਂ ਨੂੰ ਸਵੀਕਾਰ ਨਹੀਂ ਕਰਦੀ ਹੈ ਤਾਂ ਇਹ ਅੰਦੋਲਨ ਸੁਧਾਰਾਂ ਤੱਕ ਸੀਮਤ ਨਹੀਂ ਰਹੇਗਾ ਬਲਕਿ ਪਾਕਿਸਤਾਨ ਤੋਂ ਪੂਰੀ ਤਰ੍ਹਾਂ ਵੱਖ ਹੋਣ ਦੀਆਂ ਮੰਗਾਂ ਤੱਕ ਵਧ ਸਕਦਾ ਹੈ। ਰੈਲੀ ‘ਚ ਕੁਝ ਬੁਲਾਰਿਆਂ ਨੇ ਪਾਕਿ ਦੇ ਨਿਯੰਤਰਨ ਨੂੰ ਰੱਦ ਕਰਦਿਆਂ ਭਾਰਤ ਨਾਲ ਗੱਲਬਾਤ ਵਧਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਪਿਛਲੀ ਖ਼ਬਰ ਭਾਸ਼ਾ ਵਿਭਾਗ ਨੂੰ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਬੈਂਸ ਅਗਲੀ ਖ਼ਬਰ ਪੰਜਾਬ ਸਰਕਾਰ ਖੇਤੀਬਾੜੀ ਫੀਡਰਾਂ ਨੂੰ 20 ਘੰਟਿਆਂ ਤੱਕ ਵਾਧੂ ਬਿਜਲੀ ਸਪਲਾਈ ਦੇ ਰਹੀ ਹੈ-ਗਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।