12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਚੰਨੀ ਧੜੇ ਦੇ ਆਗੂਆਂ ਦੀ ਭੁਪੇਸ਼ ਬਘੇਲ ਨਾਲ ਮੁਲਾਕਾਤ ਅੱਜ ਰਾਣਾ ਗੁਰਜੀਤ ਸਿੰਘ ਦੇ ਨਿਵਾਸ ’ਤੇ ਹੋਵੇਗੀ ਬਘੇਲ ਤੇ ਹੋਰ ਆਗੂਆਂ ਦੀ ਮੀਟਿੰਗ

ਅਜੀਤ ਡੈਸਕ 11-07-2026
ਚੰਡੀਗੜ੍ਹ 10 ਜੁਲਾਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਵਿਚਾਲੇ ਛਿੜੇ ਕਲੇਸ਼ ਨੂੰ ਲੈ ਕੇ ਪੰਜਾਬ ਦੌਰੇ ’ਤੇ ਆਏ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਚਰਨਜੀਤ ਸਿੰਘ ਚੰਨੀ ਧੜੇ ਦੀ ਅੱਜ ਜੋ ਮੀਟਿੰਗ ਹੋਣੀ ਤੈਅ ਹੋਈ ਸੀ, ਉਹ ਕਿਸੇ ਕਾਰਨ ਨਹੀਂ ਹੋ ਸਕੀ ਪਰ ਮਿਲੀ ਜਾਣਕਾਰੀ ਅਨੁਸਾਰ ਇਹ ਮੀਟਿੰਗ ਹੁਣ 11 ਜੁਲਾਈ ਨੂੰ ਹੋਣੀ ਤੈਅ ਹੋ ਗਈ ਹੈ। ਇਸ ਦੀ ਪੁਸ਼ਟੀ ਜਿਥੇ ਭੁਪੇਸ਼ ਬਘੇਲ ਵਲੋਂ ਵੀ ਕਰ ਦਿੱਤੀ ਗਈ ਹੈ, ਉਥੇ ਚਰਨਜੀਤ ਸਿੰਘ ਚੰਨੀ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਚੰਨੀ ਵਲੋਂ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਇਕ ਪੋਸਟ ਪਾ ਕੇ ਲਿਖਿਆ ਗਿਆ ਕਿ ਪੰਜਾਬ ਲਈ ਇਕਜੁੱਟ ਹੋ ਕੇ ਅਸੀਂ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੂੰ 11 ਜੁਲਾਈ ਨੂੰ ਸੱਦਾ ਦਿੱਤਾ ਹੈ ਤਾਂ ਜੋ ਅਸੀਂ ਉਨ੍ਹਾਂ ਦੇ ਸਾਹਮਣੇ ਕਾਂਗਰਸ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਅਤੇ ਵਿਚਾਰ ਰੱਖ ਸਕੀਏ।ਉਨ੍ਹਾਂ ਲਿਖਿਆ ਕਿ ਇਸ ਮੀਟਿੰਗ ਦੀ ਮੇਜ਼ਬਾਨੀ ਰਾਣਾ ਗੁਰਜੀਤ ਸਿੰਘ ਆਪਣੇ ਨਿਵਾਸ ਸਥਾਨ ‘ਤੇ ਕਰਨਗੇ। ਇਸ ਮੀਟਿੰਗ ਵਿਚ ਭੁਪੇਸ਼ ਬਘੇਲ ਨਾਲ ਕਿਹੜੇ ਆਗੂ ਮੁਲਾਕਾਤ ਕਰਨਗੇ ਨਾ ਤਾਂ ਇਸ ਬਾਰੇ ਬਘੇਲ ਨੇ ਖੁਲਾਸਾ ਕੀਤਾ ਅਤੇ ਨਾ ਹੀ ਚੰਨੀ ਵਲੋਂ ਇਸ ਬਾਰੇ ਕੁਝ ਦੱਸਿਆ ਗਿਆ ਹੈ।ਦੂਜੇ ਪਾਸੇ, ਮਿਲੀ ਸੂਚਨਾ ਅਨੁਸਾਰ ਭੁਪੇਸ਼ ਬਘੇਲ ਨਾਲ ਮੁਲਾਕਾਤ ਦੌਰਾਨ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਸ਼ਾਮਿਲ ਹੋ ਸਕਦੇ ਹਨ। ਇਸ ਸੰਬੰਧੀ ਅੱਜ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਹ ਕਿਹਾ ਕਿ ਕੱਲ੍ਹ ਮੀਟਿੰਗ ਹੋਵੇਗੀ ਪਰ ਉਸ ਵਿਚ ਕੌਣ-ਕੌਣ ਸ਼ਾਮਿਲ ਹੋਵੇਗਾ, ਉਨ੍ਹਾਂ ਨੂੰ ਨਹੀਂ ਪਤਾ ਪਰ ਉਨ੍ਹਾਂ ਇਹ ਜ਼ਰੂਰ ਸਪੱਸ਼ਟ ਕੀਤਾ ਕਿ ਉਹ ਇਸ ਮੀਟਿੰਗ ਵਿਚ ਭੁਪੇਸ਼ ਬਘੇਲ ਦੇ ਨਾਲ ਨਹੀਂ ਜਾ ਰਹੇ। ਉਨ੍ਹਾਂ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਸਾਰੇ ਹੀ ਆਗੂ ਮੇਰੇ ਸੀਨੀਅਰ ਹਨ ਅਤੇ ਮੇਰੇ ਦਾਦਾ ਤੇ ਪਿਤਾ ਸਮਾਨ ਹਨ, ਜੇਕਰ ਜ਼ਰੂਰਤ ਪਈ ਤਾਂ ਮੈਂ ਮੁਆਫ਼ੀ ਮੰਗਣ ਲਈ ਵੀ ਤਿਆਰ ਹਾਂ। ਉਨ੍ਹਾਂ ਕਿਹਾ ਕਿ ਜੇਕਰ ਮੇਰੀ ਗਲਤੀ ਨਹੀਂ ਵੀ ਹੋਵੇਗੀ ਤਾਂ ਵੀ ਮੈਂ ਇਨ੍ਹਾਂ ਸਾਰੇ ਸੀਨੀਅਰ ਅਤੇ ਬੇਹਦ ਸਤਿਕਾਰਤ ਆਗੂਆਂ ਅੱਗੇ ਸਿਰ ਝੁਕਾ ਦੇਵਾਂਗਾ। ਉਨ੍ਹਾਂ ਕਿਹਾ ਕਿ ਸਾਰੇ ਹੀ ਆਗੂ ਮੇਰੇ ਤੋਂ ਵੱਡੇ ਹਨ ਅਤੇ ਅਸੀਂ ਰਲਕੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਅੱਗੇ ਵਧਣਾ ਹੈ। ਹਾਲਾਂਕਿ, ਚੰਨੀ ਧੜੇ ਦੇ ਆਗੂਆਂ ਵਲੋਂ ਮੀਡੀਆ ਤੋਂ ਦੂਰੀ ਬਣਾਈ ਗਈ ਹੈ ਅਤੇ ਚਰਨਜੀਤ ਸਿੰਘ ਚੰਨੀ ਵੀ ਇਸ ਮਾਮਲੇ ਤੋਂ ਬਚਦੇ ਹੀ ਰਹੇ ਹਨ ਪਰ ਅੱਜ ਉਨ੍ਹਾਂ ਪੋਸਟ ਪਾ ਕੇ ਜਾਣਕਾਰੀ ਸਾਂਝੀ ਜ਼ਰੂਰ ਕੀਤੀ ਗਈ। ਦੂਜੇ ਪਾਸੇ, ਭੁਪੇਸ਼ ਬਘੇਲ ਨਾਲ ਜਦੋਂ ਮਸਲੇ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰੇ ਹੀ ਸੀਨੀਅਰ ਅਤੇ ਵੱਡੇ ਆਗੂ ਹਨ, ਇਨ੍ਹਾਂ ਨਾਲ ਮਿਲ ਬੈਠ ਕੇ ਹਰ ਮੁੱਦੇ ’ਤੇ ਵਿਚਾਰ-ਚਰਚਾ ਹੋ ਜਾਵੇਗੀ ਅਤੇ ਮਸਲਾ ਜਲਦੀ ਹੱਲ ਹੋ ਜਾਵੇਗਾ।
ਪਿਛਲੀ ਖ਼ਬਰ ਹਾਈ ਕੋਰਟ ਦਾ ਅਹਿਮ ਫ਼ੈਸਲਾ, ਅਦਾਲਤਾਂ ’ਚ ਜਮ੍ਹਾਂ ਰਕਮ ਐਫ.ਡੀ. ’ਚ ਰੱਖੀ ਜਾਵੇਗੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ... ਅਗਲੀ ਖ਼ਬਰ ਅਮਰੀਕਾ-ਈਰਾਨ ’ਚ ਤਣਾਅ ਕਰਕੇ ਅੰਤਰਰਾਸ਼ਟਰੀ ਬਾਜ਼ਾਰ ’ਚ ਤੇਲ ਕੀਮਤਾਂ ਹੋਣਗੀਆਂ ਅਸਥਿਰ ਭਾਰਤੀ ਤੇਲ ਕੰਪਨੀਆਂ ’ਤੇ ਅਸਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।