04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਰਹੱਦ ਪਾਰ ਤੋਂ ਪੁੱਜੀ 240 ਕਰੋੜ ਦੀ ਹੈਰੋਇਨ ਦੀ ਖੇਪ ਬਰਾਮਦ-2 ਤਸਕਰ ਕਾਬੂ

ਅਜੀਤ ਡੈਸਕ 15-07-2026

ਕਾਊਂਟਰ ਇੰਟੈਲੀਜੈਂਸ ਵਲੋਂ 10 ਦਿਨਾਂ ’ਚ 68 ਕਿੱਲੋ ਹੈਰੋਇਨ ਦੀ ਬਰਾਮਦਗੀ
ਅੰਮ੍ਰਿਤਸਰ, 14 ਜੁਲਾਈ (ਰੇਸ਼ਮ ਸਿੰਘ)-ਕਾਊਂਟਰ ਇੰਟੈਲੀਜੈਂਸ (ਸੀ. ਆਈ.) ਅੰਮ੍ਰਿਤਸਰ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 30 ਕਿੱਲੋ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਮੰਡੀ ‘ਚ ਕੀਮਤ 240 ਕਰੋੜ ਰੁਪਏ ਦੱਸੀ ਗਈ ਹੈ।ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਸ਼ਹੀਦ ਊਧਮ ਸਿੰਘ ਨਗਰ ਅਤੇ ਗਗਨਦੀਪ ਸਿੰਘ ਵਾਸੀ ਭੱਲਾ ਕਾਲੋਨੀ ਛੇਹਰਟਾ ਦੋਵੇਂ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮ ਨੇ ਉਨ੍ਹਾਂ ਦਾ ਹੀਰੋ ਡੀਲਕਸ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ, ਜਿਸ ਦੀ ਵਰਤੋਂ ਉਹ ਖੇਪ ਦੀ ਸਪਲਾਈ ਲਈ ਕਰ ਰਹੇ ਸਨ। ਦੱਸਣਯੋਗ ਹੈ ਕਿ 6 ਜੁਲਾਈ 2026 ਤੋਂ ਬਾਅਦ ਸੀ. ਆਈ. ਅੰਮ੍ਰਿਤਸਰ ਵਲੋਂ ਨਸ਼ਾ ਤਸਕਰੀ ਦੇ ਇਕ ਵੱਡੇ ਮਾਡਿਊਲ ਦਾ ਪਰਦਾਫਾਸ਼ ਕਰਨ ਦਾ ਇਹ ਤੀਜਾ ਮਾਮਲਾ ਹੈ, ਜਿਸ ਨਾਲ ਮਹਿਜ਼ 10 ਦਿਨਾਂ ਵਿਚ ਕੁੱਲ 68 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਪਹਿਲਾਂ 6 ਜੁਲਾਈ ਨੂੰ ਸੀ. ਆਈ. ਅੰਮ੍ਰਿਤਸਰ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 13 ਕਿੱਲੋ ਹੈਰੋਇਨ ਬਰਾਮਦ ਕੀਤੀ ਸੀ ਅਤੇ 7 ਜੁਲਾਈ ਨੂੰ ਤਿੰਨ ਹੋਰ ਵਿਅਕਤੀਆਂ ਨੂੰ 25 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਡੀ. ਜੀ. ਪੀ. ਯਾਦਵ ਨੇ ਦੱਸਿਆ ਕਿ ਸੀ. ਆਈ. ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੂੰ ਸੂਚਨਾ ਮਿਲੀ ਸੀ ਕਿ ਸ਼ੱਕੀ ਗੁਰਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਨੇ ਹਾਲ ਹੀ ਵਿਚ ਹੈਰੋਇਨ ਦੀ ਇਕ ਵੱਡੀ ਖੇਪ ਹਾਸਿਲ ਕੀਤੀ ਹੈ ਅਤੇ ਉਹ ਅੰਮ੍ਰਿਤਸਰ ਦੇ ਥਾਣਾ ਕੰਬੋਅ ਅਧੀਨ ਪੈਂਦੇ ਪਿੰਡ ਗੌਂਸਾਬਾਦ ਰਾਮ ਤੀਰਥ ਰੋਡ ਨੇੜੇ ਕਿਸੇ ਦੂਜੀ ਪਾਰਟੀ ਨੂੰ ਇਹ ਸਪਲਾਈ ਦੇਣ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਨੇ ਮੁਸਤੈਦੀ ਦਿਖਾਉਂਦਿਆਂ ਨਾਕੇਬੰਦੀ ਕੀਤੀ ਅਤੇ ਅੰਮ੍ਰਿਤਸਰ ਦੇ ਗੌਂਸਾਬਾਦ ਨੇੜਿਓਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਰੋਕ ਕੇ ਉਨ੍ਹਾਂ ਨੂੰ 30 ਕਿਲੋ ਹੈਰੋਇਨ ਸਮੇਤ ਕਾਬੂ ਕਰ ਲਿਆ। ਇਸ ਸੰਬੰਧੀ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪਿਛਲੀ ਖ਼ਬਰ ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ‘ਮੈਂ ਵਾਪਸ ਆਊਂਗਾ’ ਵੰਡ ਦਾ ਸੰਤਾਪ ਹੰਢਾਉਣ ਵਾਲੇ ਕਰੋੜਾਂ ਲੋਕਾਂ ਦੇ ਜ਼ਜਬਾਤ ਦੀ ਦਰਦਭਰੀ ਤੇ ਭਾਵਨਾਤਮਕ ਦਾਸਤਾਨ ਹੈ-ਇਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।