04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਕੇਂਦਰੀ ਗ੍ਰਹਿ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਕੇ ਕੀਤੀ ਇਨਸਾਫ ਦੀ ਮੰਗ-ਵਡਾਲਾ

ਅਜੀਤ ਡੈਸਕ 15-07-2026

ਚੰਡੀਗੜ੍ਹ, 14 ਜੁਲਾਈ (ਪ੍ਰੋ.ਅਵਤਾਰ ਸਿੰਘ)-ਸ਼੍ਰਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਅੱਜ ਅਕਾਲੀ ਦਲ (ਪੁਨਰ-ਸੁਰਜੀਤ) ਸਮੇਤ ਪੰਜ ਪੰਥਕ ਜਥੇਬੰਦੀਆਂ ਇੰਟਰਨੈਸ਼ਨਲ ਪੰਥਕ ਦਲ, ਯੂਨਾਈਟਿਡ ਅਕਾਲੀ ਦਲ, ਬੇਗਮਪੁਰਾ ਖਾਲਸਾ ਅਤੇ ਪੰਥਕ ਆਜ਼ਾਦ ਗਰੁੱਪ ਦੇ ਐਕਟਿੰਗ ਵਲੋਂ ਸਾਂਝੇ ਤੌਰ ’ਤੇ ਕੇਂਦਰੀ ਗ੍ਰਹਿ ਮੰਤਰੀ ਦੇ ਨਾਂਅ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਕ ਮੰਗ ਪੱਤਰ ਦੇ ਕੇ ਪੰਜਾਬ ਵਿਚ 1980 ਤੋਂ ਲੈ ਕੇ 1995 ਤੱਕ ਵਾਪਰੇ ਘਟਨਾਕ੍ਰਮ ਦੀ ਨਿਰਪੱਖ ਜਾਂਚ ਕਰਵਾਉਣ ਲਈ ‘ਟਰੁੱਥ ਕਮਿਸ਼ਨ’ ਬਣਾਉਣ ਦੀ ਮੰਗ ਕੀਤੀ ਗਈ ਹੈ। ਵਡਾਲਾ ਨੇ ਕਿਹਾ ਕਿ ਇਸ ਵੇਲੇ ਫਿਲਮ ‘ਸਤਲੁਜ’ ਨੂੰ ਲੈ ਕੇ ਕੁਝ ਹਲਕੀ ਰਾਜਨੀਤੀ ਕਰਨ ਵਾਲੇ ਲੋਕ ਇਸ ਨੂੰ ਹਿੰਦੂ-ਸਿੱਖ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਏਨਾ ਵੀ ਨਹੀਂ ਜਾਣਦੇ ਕਿ ਪੰਜਾਬ ਗੁਰਬਾਣੀ ਸਿੱਖਿਆ ’ਤੇ ਚੱਲਣ ਵਾਲਾ ਉਹ ਸੂਬਾ ਹੈ, ਜਿਸ ਨੇ ਨਵੰਬਰ 1984 ਨੂੰ ਦੇਸ਼ ਭਰ ਵਿਚ ਆਪਣੇ ਹਜਾਰਾਂ ਰਿਸ਼ਤੇਦਾਰ ਮਰਵਾ ਕੇ ਵੀ ਫਿਰਕੂ ਦੰਗਿਆਂ ਦਾ ਰਾਹ ਨਹੀਂ ਸੀ ਚੁਣਿਆ। ਫਿਰ ਇਹ ਫਿਲਮ ਤਾਂ ਸਿਰਫ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ ਨਾਲ ਸੰਬੰਧਿਤ ਹੈ, ਜਿਸ ਵਿਚ ਉਹ ਪੁਲਿਸ ਵਲੋਂ ਲਾਪਤਾ ਕਰ ਦਿੱਤੇ ਗਏ ਆਮ ਲੋਕਾਂ ਦੀ ਗੱਲ ਕਰਦੇ ਹਨ, ਜਿਸ ਵਿਚ ਤਰਨ ਤਾਰਨ ਵਿਚ ਮਾਰੇ ਗਏ ਹਿੰਦੂ ਨੌਜਵਾਨਾਂ ਦੇ ਕੇਸ ਵੀ ਸ਼ਾਮਿਲ ਸਨ। ਇਸ ਫਿਲਮ ਵਿਚ ਅਜਿਹਾ ਕੁਝ ਵੀ ਨਹੀਂ, ਜੋ ਦੇਸ਼ ਜਾਂ ਕਿਸੇ ਭਾਈਚਾਰੇ ਖ਼ਿਲਾਫ਼ ਭੜਕਾਹਟ ਪੈਦਾ ਕਰਦਾ ਹੋਵੇ। ਵਡਾਲਾ ਨੇ ਕਿਹਾ ਕਿ ਅਸੀਂ ਅੱਜ ਦੇਸ਼ ਦੇ ਗ੍ਰਹਿ ਮੰਤਰੀ ਤੋਂ ਇਹੋ ਮੰਗ ਕੀਤੀ ਹੈ ਕਿ ‘ਪੰਜਾਬ ਸੱਚ ਅਤੇ ਜਵਾਬਦੇਹੀ ਕਮਿਸ਼ਨ’ ਬਣਾਇਆ ਜਾਵੇ ਤਾਂ ਕਿ ਇਸ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਦੀ ਨਿਰਪੱਖ ਜਾਂਚ ਕਰਕੇ ਮਰਨ ਵਾਲਿਆਂ ਦਾ ਸਹੀ ਅੰਕੜਾ ਪਤਾ ਲਗਾਇਆ ਜਾ ਸਕੇ। ਇਸ ਮੰਗ ਪੱਤਰ ਵਿਚ ਜਸਵੰਤ ਸਿੰਘ ਖਾਲੜਾ ਦੇ ਸੰਘਰਸ਼ ’ਤੇ ਆਧਾਰਿਤ ਫਿਲਮ ‘ਪੰਜਾਬ 95’ ਨੂੰ ਬਿਨਾ ਕਿਸੇ ਸੈਂਸਰ ਕੱਟ ਤੋਂ ਸਿਨੇਮਾ ਘਰਾਂ ਵਿਚ ਰਿਲੀਜ਼ ਕਰਨ ਬਾਰੇ ਵੀ ਮੰਗ ਕੀਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਭਾਈ ਖਾਲੜਾ ਅਤੇ ਹੋਰ ਮਾਸੂਮਾਂ ਦੇ ਕਾਤਲ ਪੁਲਿਸ ਵਾਲੇ ਜੋ ਜੇਲ੍ਹ ਵਿਚੋਂ ਛੁੱਟੀ ਆਣਕੇ ਤਿੰਨ ਸਾਲ ਤੋਂ ਫ਼ਰਾਰ ਹਨ, ਉਨ੍ਹਾਂ ਨੂੰ ਲੱਭ ਕੇ ਵਾਪਸ ਜੇਲ੍ਹ ਵਿਚ ਸੁੱਟਿਆ ਜਾਵੇ। ਅੱਜ ਦਾ ਇਹ ਮੰਗ ਪੱਤਰ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ, ਇੰਟਰਨੈਸ਼ਨਲ ਪੰਥਕ ਅਕਾਲੀ ਦਲ, ਯੁਨਾਈਟਡ ਅਕਾਲੀ ਦਲ, ਬੇਗਮਪੁਰਾ ਖਾਲਸਾ ਰਾਜ ਪਾਰਟੀ ਅਤੇ ਪੰਥਕ ਆਜ਼ਾਦ ਗਰੁੱਪ ਵਲੋਂ ਸਾਂਝੇ ਤੌਰ ’ਤੇ ਦਿੱਤਾ ਗਿਆ, ਜਿਸ ਵਿਚ ਸਾਰੇ ਦਲਾਂ ਦੇ ਹਜ਼ਾਰਾਂ ਵਰਕਰ ਅਤੇ ਆਗੂ ਸਹਿਬਾਨ ਸ਼ਾਮਲ ਹੋਏ। ਪ੍ਰੈੱਸ ਨੂੰ ਇਹ ਜਾਣਕਾਰੀ ਇੰਚਾਰਜ ਤੇਜਿੰਦਰ ਸਿੰਘ ਪੰਨੂੰ ਨੇ ਦਿੱਤੀ।

ਪਿਛਲੀ ਖ਼ਬਰ ਫ਼ਿਰੋਜ਼ਪੁਰ ’ਚ 17 ਲੱਖ ਤੋਂ ਵੱਧ ਦੀ ਨਕਲੀ ਕਰੰਸੀ ਸਣੇ ਦੋ ਕਾਬੂ, ਸੀ.ਆਈ.ਏ. ਸਟਾਫ਼ ਵਲੋਂ ਫ਼ਾਜ਼ਿਲਕਾ ਦੇ ਦੋ ਨੌਜਵਾਨ ਗ੍ਰਿਫ਼... ਅਗਲੀ ਖ਼ਬਰ ਜ਼ਹਿਰੀਲੀ ਦਵਾਈ ਨਿਗਲਣ ਦੇ ਮਾਮਲੇ ’ਚ ਮਾਂ ਤੇ ਇਕ ਹੋਰ ਧੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।