ਫ਼ਰੀਦਕੋਟ, 14 ਜੁਲਾਈ (ਜਸਵੰਤ ਸਿੰਘ ਪੁਰਬਾ)-ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਨਾਲ ਲੱਗਦੇ ਸ਼ਮਸ਼ਾਨਘਾਟ ਦੇ ਬਾਹਰ ਇਕ ਲਾਵਾਰਿਸ ਲਾਸ਼ ਮਿਲਣ ਨਾਲ ਸ਼ਹਿਰ ਅੰਦਰ ਸੰਨਸਨੀ ਫ਼ੈਲ ਗਈ ਹੈ। ਮਾਮਲੇ ਸੰਬੰਧੀ ਪੁਲਿਸ ਨੇ ਮੈਡੀਕਲ ਕਾਲਜ ਨਾਲ ਸੰਬੰਧਿਤ ਇਕ ਡਾਕਟਰ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਉੱਧਰ ਡਾ. ਨੀਤੂ ਕੁੱਕੜ ਸੁਪਰਡੈਂਟ ਨੇ ਦੱਸਿਆ ਕਿ ਮੈਡੀਕਲ ਕਾਲਜ ਪ੍ਰਸ਼ਾਸਨ ਵਲੋਂ ਵੀ ਸੰਬੰਧਿਤ ਡਾਕਟਰ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਪੂਰੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ 9 ਜੁਲਾਈ ਨੂੰ ਫ਼ਿਰੋਜ਼ਪੁਰ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਇਕ ਲਾਵਾਰਿਸ ਵਿਅਕਤੀ ਨੂੰ 108 ਐਂਬੂਲੈਂਸ ਰਾਹੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੋਸ਼ ਹੈ ਕਿ ਮੌਤ ਤੋਂ ਬਾਅਦ ਲਾਸ਼ ਨਾਲ ਸੰਬੰਧਿਤ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਦੀ ਬਜਾਏ ਉਸ ਨੂੰ ਦੇਰ ਰਾਤ ਸ਼ਮਸ਼ਾਨਘਾਟ ਦੇ ਬਾਹਰ ਛੱਡ ਦਿੱਤਾ ਗਿਆ। ਲਾਸ਼ ’ਤੇ ਪਲਾਸਟਰ ਅਤੇ ਪੱਟੀਆਂ ਵੀ ਲੱਗੀਆਂ ਹੋਈਆਂ ਸਨ, ਜਿਸ ਕਾਰਨ ਮਾਮਲਾ ਹੋਰ ਵੀ ਸ਼ੱਕੀ ਬਣ ਗਿਆ। ਸ਼ਮਸ਼ਾਨਘਾਟ ਦੇ ਚੌਕੀਦਾਰ ਨੇ ਲਾਸ਼ ਪਈ ਦੇਖ ਕੇ ਤੁਰੰਤ ਪ੍ਰਬੰਧਕ ਕਮੇਟੀ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਸਮਾਜ ਸੇਵੀ ਅਸ਼ੋਕ ਭਟਨਾਗਰ ਨੇ ਪੁਲਿਸ ਨੂੂੰ ਜਾਣਕਾਰੀ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਵਾਰਿਸ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ.ਐਸ.ਪੀ. ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਪਹਿਲੂਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਕਰਨ ਦੇ ਨਾਲ-ਨਾਲ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਲਾਸ਼ ਨੂੰ ਸ਼ਮਸ਼ਾਨ ਘਾਟ ਦੇ ਬਾਹਰ ਕਿਸ ਨੇ ਅਤੇ ਕਿਹੜੇ ਹਾਲਾਤਾਂ ਵਿਚ ਛੱਡਿਆ।
ਲਾਵਾਰਿਸ ਲਾਸ਼ ਦੇ ਮਾਮਲੇ ’ਚ ਡਾਕਟਰ ਨੂੰ ਹਿਰਾਸਤ ’ਚ ਲਿਆ
ਅਜੀਤ ਡੈਸਕ
15-07-2026