ਮਜੀਠਾ, 15 ਜੁਲਾਈ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਮਜੀਠਾ ਦੇ ਸਰਕਾਰੀ ਹਸਪਤਾਲ ਨੇੜੇ ਇਕ ਘਰ ਵਿਚ ਲੜਕੀ ਨੂੰ ਮਿਲਣ ਆਏ ਇਕ ਨੌਜਵਾਨ ਵਲੋਂ ਆਪਣੇ ਆਪ ਨੂੰ ਕੋਈ ਜਲਨਸ਼ੀਲ ਪਦਾਰਥ ਪਾ ਕੇ ਆਪਣੇ ਆਪ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲੈਣ ਦੀ ਖ਼ਬਰ ਹੈ। ਮੌਕੇ ’ਤੇ ਪੁੱਜੇ ਥਾਣਾ ਮਜੀਠਾ ਦੇ ਐੱਸ.ਐੱਚ.ਓ. ਕਰਮਪਾਲ ਸਿੰਘ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਸੰਦੀਪ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਬੱਲ ਖ਼ੁਰਦ ਆਪਣੇ ਮੋਟਰਸਾਈਕਲ ‘ਤੇ ਖਾਸਾ ਪੱਤੀ ਮਜੀਠਾ ਵਿਖੇ ਰਹਿੰਦੀ ਇਕ ਕੁੜੀ ਨੂੰ ਮਿਲਣ ਵਾਸਤੇ ਆਇਆ ਸੀ, ਜਿਥੇ ਉਸ ਨੇ ਆਪਣੇ ਆਪ ‘ਤੇ ਕੋਈ ਜਲਨਸ਼ੀਲ ਪਦਾਰਥ ਪਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ ਅਤੇ ਬਾਅਦ ਵਿਚ ਉਸ ਨੇ ਕੁੜੀ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ। ਇਨ੍ਹਾਂ ਦੋਵਾਂ ਨੂੰ ਅੱਗ ਲੱਗੀ ਵੇਖ ਕੇ ਬਾਹਰੋਂ ਕੁੜੀ ਦਾ ਚਚੇਰਾ ਭਰਾ ਹਰਪਾਲ ਸਿੰਘ ਮੌਕੇ ’ਤੇ ਆ ਗਿਆ, ਜਿਸ ਨੇ ਦੋਵਾਂ ਦੀ ਅੱਗ ਬੁਝਾਉਣ ਦੀ ਕੋਸ਼ਿਸ ਕੀਤੀ ਪਰ ਉਹ ਖ਼ੁਦ ਇਸ ਅੱਗ ਦੀ ਲਪੇਟ ਵਿਚ ਆ ਗਿਆ ਅਤੇ ਝੁਲਸ ਗਿਆ। ਐੱਸ.ਐੱਚ.ਓ. ਮਜੀਠਾ ਅਨੁਸਾਰ ਕੁੜੀ ਅਤੇ ਉਸ ਦੇ ਚਚੇਰੇ ਭਰਾ ਜਿਹੜੇ ਕਿ ਅੰਮ੍ਰਿਤਸਰ ਦੇ ਹਸਪਤਾਲ ਵਿਚ ਇਲਾਜ ਅਧੀਨ ਹਨ, ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁੜੀ ਅਜੇ ਕੁਆਰੀ ਸੀ ਅਤੇ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਇਕ ਭੈਣ ਸ਼ਾਦੀਸ਼ੁਦਾ ਹੈ। ਉਸ ਦਾ ਕੋਈ ਸਕਾ ਭਰਾ ਨਹੀਂ ਹੈ। ਦੂਜੇ ਪਾਸੇ, ਅੱਗ ਲਗਾਉਣ ਵਾਲਾ ਵਿਅਕਤੀ ਸ਼ਾਦੀਸ਼ੁਦਾ ਦੱਸਿਆ ਜਾ ਰਿਹਾ ਹੈ।ਮ੍ਰਿਤਕ ਵਿਅਕਤੀ ਸੰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਮਜੀਠਾ ਵਿਖੇ ਆ ਕੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਸੰਦੀਪ ਸਿੰਘ ਦਾ ਵਿਆਹ ਦੋ ਮਹੀਨੇ ਪਹਿਲਾਂ ਪੰਡੋਰੀ ਵੜੈਚ ਵਿਖੇ ਹੋਇਆ ਸੀ। ਉਨ੍ਹਾਂ ਦਾ ਮੁੰਡਾ ਅਜਿਹੇ ਵਿਹਾਰ ਦਾ ਮਾਲਕ ਨਹੀਂ ਸੀ, ਉਸ ਨੂੰ ਕਿਸੇ ਸਾਜਿਸ਼ ਅਧੀਨ ਬੁਲਾਇਆ ਗਿਆ ਅਤੇ ਉਸ ਦਾ ਕਤਲ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਪੁਲਿਸ ਅਤੇ ਸਰਕਾਰ ਪਾਸੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਇਨਸਾਫ ਦੀ ਮੰਗ ਕੀਤੀ।
ਮਜੀਠਾ ਵਿਖੇ ਲੜਕੀ ਨੂੰ ਮਿਲਣ ਆਏ ਨੌਜਵਾਨ ਵਲੋਂ ਅੱਗ ਲਗਾ ਕੇ ਖ਼ੁਦਕੁਸ਼ੀ, ਕੁੜੀ ਤੇ ਉਸ ਦਾ ਚਚੇਰਾ ਭਰਾ ਵੀ ਆਇਆ ਅੱਗ ਦੀ ਲਪੇਟ ਵਿਚ
ਅਜੀਤ ਡੈਸਕ
16-07-2026