07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

‘ਮੀਰੀ-ਪੀਰੀ ਖ਼ਾਲਸਾ ਮਾਰਚ’ ਵਿਚ ਬਾਦਲ ਦਲ ਨੂੰ ਛੱਡ ਕੇ ਹੋਰਨਾਂ ਦਲਾਂ ਤੇ ਪੰਥਕ ਜਥੇਬੰਦੀਆਂ ਨੇ ਬਣਾਈ ਦੂਰੀ

ਅਜੀਤ ਡੈਸਕ 26-07-2026

ਪੰਜਾਬ ਦੇ ਦੂਜੇ ਤਖ਼ਤ ਸਾਹਿਬਾਨ ਤੋਂ ਵੀ ਖ਼ਾਲਸਾ ਮਾਰਚ ਆਰੰਭ ਕੀਤੇ ਜਾਣ ਦੀ ਸੰਭਾਵਨਾ
ਜਸਵੰਤ ਸਿੰਘ ਜੱਸ
ਅੰਮ੍ਰਿਤਸਰ, 25 ਜੁਲਾਈ-ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੀਰੀ-ਪੀਰੀ ਦੇ ਮਹਾਨ ਸਿਧਾਂਤ ਨੂੰ ਸੰਗਤਾਂ, ਖ਼ਾਸਕਰ ਨਵੀਂ ਪੀੜ੍ਹੀ ਤੱਕ ਪਹੁੰਚਾਉਣ, ਕੌਮੀ ਏਕਤਾ ਤੇ ਪੰਥਕ ਚੇਤਨਾ ਨੂੰ ਹੋਰ ਮਜ਼ਬੂਤ ਕਰਨ, ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣ ਦੇ ਉਦੇਸ਼ ਨਾਲ ਬੀਤੇ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਖ਼ਾਲਸਾਈ ਜਾਹੋ ਜਲਾਲ ਨਾਲ ਆਰੰਭ ਹੋਏ ਮੀਰੀ-ਪੀਰੀ ਖ਼ਾਲਸਾ ਮਾਰਚ ਵਿਚ ਭਾਵੇਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਹੋਰ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਅਹੁਦੇਦਾਰ, ਮੈਂਬਰ ਸਾਹਿਬਾਨ, ਅਧਿਕਾਰੀ, ਕਰਮਚਾਰੀ, ਕੁਝ ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਸੰਗਤਾਂ ਤਾਂ ਸ਼ਾਮਿਲ ਹੋ ਰਹੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਲੀਡਰਸ਼ਿਪ ਨੂੰ ਛੱਡ ਕੇ ਅਕਾਲੀ ਦਲ (ਵਾਰਿਸ ਪੰਜਾਬ ਦੇ), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਸੰਬੰਧਿਤ ਸੀਨੀਅਰ ਆਗੂਆਂ ਅਤੇ ਦਮਦਮੀ ਟਕਸਾਲ, ਚੀਫ਼ ਖ਼ਾਲਸਾ ਦੀਵਾਨ, ਦਲ ਖ਼ਾਲਸਾ ਤੇ ਹੋਰ ਸਿੱਖ ਸੰਪ੍ਰਦਾਵਾਂ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀਆਂ ਤੇ ਹੋਰ ਪੰਥਕ ਆਗੂਆਂ ਦੀ ਸ਼ਮੂਲੀਅਤ ਅਜੇ ਤੱਕ ਇਸ ਖ਼ਾਲਸਾ ਮਾਰਚ ਵਿਚ ਨਾ-ਮਾਤਰ ਹੀ ਦੇਖੀ ਜਾ ਰਹੀ ਹੈ। ਇਸ ਖ਼ਾਲਸਾ ਮਾਰਚ ਦੀ ਆਰੰਭਤਾ ਮੌਕੇ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਬਾਦਲ ਦਲ ਦੀ ਹੋਰ ਸੀਨੀਅਰ ਲੀਡਰਸ਼ਿਪ ਨੇ ਜਿਥੇ ਸ਼ਿਰਕਤ ਕੀਤੀ, ਉਥੇ ਇਸ ਪਾਰਟੀ ਦੇ ਹਲਕਾ ਇੰਚਾਰਜਾਂ, ਸਥਾਨਕ ਆਗੂਆਂ ਤੇ ਵਰਕਰਾਂ ਨੇ ਵੀ ਜ਼ਰੂਰ ਉਤਸ਼ਾਹ ਸਹਿਤ ਸ਼ਮੂਲੀਅਤ ਕੀਤੀ ਅਤੇ ਮਾਝਾ ਖੇਤਰ ਦੇ ਵੱਖ-ਵੱਖ ਹਲਕਿਆਂ ਵਿਚ ਮਾਰਚ ਦਾ ਸ਼ਾਨਦਾਰ ਸਵਾਗਤ ਕੀਤਾ। ਜ਼ਿਕਰਯੋਗ ਹੈ ਇਸ ਮੀਰੀ ਪੀਰੀ ਖ਼ਾਲਸਾ ਮਾਰਚ ਆਰੰਭ ਕਰਨ ਦਾ ਐਲਾਣ ਜਥੇਦਾਰ ਗੜਗੱਜ ਵਲੋਂ 15 ਜੁਲਾਈ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਵਿਸ਼ਾਲ ਪੰਥਕ ਸੰਮੇਲਨ ਦੌਰਾਨ ਕੀਤਾ ਗਿਆ ਸੀ। ਇਸ ਖ਼ਾਲਸਾ ਮਾਰਚ ਵਿਚ ਬਾਦਲ ਦਲ ਦੀ ਲੀਡਰਸ਼ਿਪ ਤੋ ਇਲਾਵਾ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਗਗਨਦੀਪ ਸਿੰਘ ਬਰਨਾਲਾ ਅਤੇ ਅਜੈਪਾਲ ਸਿੰਘ ਮੀਰਾਂਕੋਟ ਨੇ ਸ਼ਿਰਕਤ ਤਾਂ ਜ਼ਰੂਰ ਕੀਤੀ ਪਰ ਮਾਰਚ ਦੀ ਆਰੰਭਤਾ ਤੋਂ ਬਾਅਦ ਉਹ ਵੀ ਨਜ਼ਰ ਨਹੀਂ ਆਏ। ਅੱਜ ਇਸੇ ਦਲ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ ਵੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਸ਼ਿਰਕਤ ਕੀਤੀ ਪਰ ਇਸ ਦਲ ਦੀ ਸੀਨੀਅਰ ਲੀਡਰਸ਼ਿਪ ਸਮੇਤ ਬਾਕੀ ਅਕਾਲੀ ਦਲਾਂ ਦੀ ਸੀਨੀਅਰ ਲੀਡਰਸ਼ਿਪ ਨੇ ਅਜੇ ਤੱਕ ਇਸ ਖ਼ਾਲਸਾ ਮਾਰਚ ਤੋਂ ਦੂਰੀ ਬਣਾਈ ਰੱਖੀ ਹੈ। ਪੰਥਕ ਸਫ਼ਾਂ ਵਿਚ ਚੱਲ ਰਹੀ ਚਰਚਾ ਅਨੁਸਾਰ ਭਾਵੇਂ ਕਿ ਇਹ 12 ਦਿਨਾਂ ਖ਼ਾਲਸਾ ਮਾਰਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਹੇਠ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਆਰੰਭ ਕੀਤਾ ਗਿਆ ਹੈ ਪਰ ਇਸ ਵਿਚ ਬਾਦਲ ਦਲ ਦੀ ਲੀਡਰਸ਼ਿਪ ਦੀ ਵੱਡੀ ਸ਼ਮੂਲੀਅਤ ਕਾਰਨ ਦੂਜੇ ਪੰਥਕ ਦਲ ਇਸ ਵਿਚ ਸਿੱਧੇ ਰੂਪ ਵਿਚ ਸ਼ਾਮਿਲ ਹੋਣ ਤੋਂ ਗੁਰੇਜ਼ ਕਰ ਰਹੇ ਹਨ।ਖ਼ਾਲਸਾ ਮਾਰਚ ਦੇ ਰਸਤੇ ਵਿਚ ਅਕਾਲੀ ਦਲ (ਬ) ਦੇ ਸਥਾਨਕ ਆਗੂਆਂ ਅਤੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਅਗਵਾਈ ਵਿਚ ਸਵਾਗਤ ਸਮੇਂ ਸਥਾਨਕ ਸੰਗਤਾਂ ਤੇ ਅਕਾਲੀ ਵਰਕਰ ਵੀ ਪੁੱਜ ਰਹੇ ਹਨ। ਇਸ ਦੌਰਾਨ ਜਥੇਦਾਰ ਗੜਗੱਜ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਮੁੱਖ ਮੰਤਰੀ ਪੰਜਾਬ ਦਾ ਸਿੱਧੇ ਤੌਰ ‘ਤੇ ਨਾਂਅ ਤਾਂ ਨਹੀਂ ਲਿਆ ਜਾ ਰਿਹਾ ਪਰ ਸੰਗਤਾਂ ਨੂੰ ਸਿੱਖ ਧਰਮ ਦੇ ਮੀਰੀ ਤੇ ਪੀਰੀ ਦੇ ਮਹਾਨ ਸਿਧਾਂਤ, ਖ਼ਾਲਸਾਈ ਪ੍ਰੰਪਰਾਵਾਂ ਅਤੇ ਭਗਤੀ ਤੇ ਸ਼ਕਤੀ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੁਸੱਤਾ ਦਾ ਪ੍ਰਚਾਰ ਕਰਦਿਆਂ ਇਸ ਮਹਾਨ ਪਾਵਨ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦੇ ਇਤਿਹਾਸ ਵਿਚ ਹੋਏ ਹਸ਼ਰ ਬਾਰੇ ਜ਼ਰੂਰ ਜਾਣੂੰ ਕਰਵਾਇਆ ਜਾ ਰਿਹਾ ਹੈ ਤੇ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ।ਭਾਵੇਂਕਿ, ਇਹ ਖ਼ਾਲਸਾ ਮਾਰਚ 4 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੁੱਜ ਕੇ ਸੰਪੂਰਨ ਹੋ ਜਾਵੇਗਾ ਪਰ ਸਮਝਿਆ ਜਾਂਦਾ ਹੈ ਕਿ ਕੁਝ ਦਿਨਾਂ ਦੇ ਵਕਫ਼ੇ ਤੇ ਤਿਆਰੀ ਬਾਅਦ ਇਸ ਖ਼ਾਲਸਾ ਮਾਰਚ ਦੇ ਅਗਲੇ ਪੜਾਅ ਵੀ ਜਲਦ ਅਰੰਭ ਕੀਤੇ ਜਾਣ ਦੀ ਸੰਭਾਵਨਾ ਹੈ, ਜਿਨ੍ਹਾਂ ਵਿਚ ਦੂਜਾ ਮਾਰਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਤੀਜਾ ਖ਼ਾਲਸਾ ਮਾਰਚ ਤਖ਼ਤ ਸ੍ਰੀ ਕੇਸਗੜ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਹੋਣਗੇ। ਇਹ ਵੀ ਸਮਝਿਆ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ (ਬ) ਇਸ ਖ਼ਾਲਸਾ ਮਾਰਚ ਵਿਚ ਭਰਵੀਂ ਸ਼ਮੂਲੀਅਤ ਕਰਕੇ ਵੱਧ ਤੋਂ ਵੱਧ ਧਾਰਮਿਕ ਤੇ ਸਿਆਸੀ ਲਾਹਾ ਪ੍ਰਾਪਤ ਦੇ ਰੌਂਅ ਵਿਚ ਹੈ। ਜਥੇਦਾਰ ਤੇ ਪ੍ਰਧਾਨ ਧਾਮੀ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਵੀ ਸੰਗਤਾਂ ਨੂੰ ਇਸ ਖ਼ਾਲਸਾ ਮਾਰਚ ‘ਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।

ਪਿਛਲੀ ਖ਼ਬਰ ਝੰਡੂ ਕੁਮਾਰ ਨੇ ਭਾਰਤ ਨੂੰ ਦਿਵਾਇਆ ਪਹਿਲਾ ਤਗਮਾ ਅਗਲੀ ਖ਼ਬਰ ਕੌਂਸਲਰ ’ਤੇ ਦਰਜ ਕੀਤੇ ਪਰਚੇ ਨੂੰ ਰੱਦ ਕਰਵਾਉਣ ਲਈ ਅਕਾਲੀ ਦਲ (ਬ) ਵਲੋਂ ਥਾਣਾ ਕਾਦੀਆਂ ਸਾਹਮਣੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।