08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਜਲੰਧਰ ਪੁਲਿਸ ਵਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ

ਅਜੀਤ ਡੈਸਕ 27-07-2026

1.3 ਕਿੱਲੋ ਆਈ.ਈ.ਡੀ. ਸਮੇਤ ਬੀ. ਕੇ. ਆਈ. ਕਾਰਕੁੰਨ ਗ੍ਰਿਫ਼ਤਾਰ
ਜਲੰਧਰ, 26 ਜੁਲਾਈ (ਜਤਿੰਦਰ ਪੰਮੀ)-ਕਾਊਂਟਰ ਇੰਟੈਲੀਜੈਂਸ ਜਲੰਧਰ ਤੇ ਜ਼ਿਲ੍ਹਾ ਦਿਹਾਤੀ ਪੁਲਿਸ ਵਲੋਂ ਸਾਂਝੇ ਅਪ੍ਰੇਸ਼ਨ ਦੌਰਾਨ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ ਕਰਦਿਆਂ ਵਿਦੇਸ਼ੀ ਹੈਂਡਲਰਾਂ ਵਲੋਂ ਚਲਾਏ ਜਾ ਰਹੇ ਆਈ. ਐੱਸ. ਆਈ. ਦੇ ਸਮਰਥਨ ਵਾਲੇ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਮਾਡਿਊਲ ਦੇ ਸੰਚਾਲਕ ਨੂੰ ਥਾਣਾ ਪਤਾਰਾ ਦੇ ਇਲਾਕੇ ’ਚੋਂ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸਤਬੀਰ ਸਿੰਘ ਵਾਸੀ ਪਿੰਡ ਪਧਿਆਣਾ ਥਾਣਾ ਆਦਮਪੁਰ ਵਜੋਂ ਹੋਈ ਹੈ। ਮੁਲਜ਼ਮ ਕੋਲੋਂ 1.3 ਕਿੱਲੋ ਉੱਚ ਵਿਸਫੋਟਕ ਨਾਲ ਭਰਿਆ ਆਈ. ਈ. ਡੀ. ਬਰਾਮਦ ਕਰਨ ਤੋਂ ਇਲਾਵਾ ਉਸ ਦਾ ਕਾਲੇ ਰੰਗ ਦਾ ਪਲਾਟੀਨਾ ਮੋਟਰਸਾਈਕਲ, ਜਿਸ ਨੂੰ ਉਹ ਚਲਾ ਰਿਹਾ ਸੀ, ਵੀ ਬਰਾਮਦ ਕੀਤਾ ਹੈ। ਉਕਤ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਸ ਤੁਰੰਤ ਅਤੇ ਸਮੇਂ ਸਿਰ ਕੀਤੀ ਗਈ ਕਾਰਵਾਈ ਨਾਲ ਵੱਡਾ ਅੱਤਵਾਦੀ ਖ਼ਤਰਾ ਟਲ ਗਿਆ ਹੈ ਅਤੇ ਕਈ ਮਾਸੂਮ ਜਾਨਾਂ ਬਚ ਗਈਆਂ ਹਨ। ਇਸ ਆਪ੍ਰੇਸ਼ਨ ਬਾਰੇ ਉਨ੍ਹਾਂ ਦੱਸਿਆ ਕਿ ਸੀ.ਆਈ. ਜਲੰਧਰ ਦੀਆਂ ਟੀਮਾਂ ਨੂੰ ਪੁਖ਼ਤਾ ਜਾਣਕਾਰੀ ਮਿਲੀ ਸੀ ਕਿ ਬੀ.ਕੇ.ਆਈ. ਮਾਡਿਊਲ ਦੇ ਕਾਰਕੁੰਨ ਨੇ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਵਿਸਫੋਟਕ ਦੀ ਖੇਪ ਪ੍ਰਾਪਤ ਕੀਤੀ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਸੀ.ਆਈ. ਜਲੰਧਰ ਅਤੇ ਜਲੰਧਰ ਦਿਹਾਤੀ ਪੁਲਿਸ ਦੀਆਂ ਟੀਮਾਂ ਨੇ ਥਾਣਾ ਪਤਾਰਾ ਅਧੀਨ ਪੈਂਦੇ ਪਿੰਡ ਢੰਡੌਰ ਵਿਖੇ ਸਾਂਝਾ ਨਾਕਾ ਲਗਾ ਕੇ ਸ਼ੱਕੀ ਸਤਬੀਰ ਸਿੰਘ ਦੇ ਮੋਟਰਸਾਈਕਲ ਨੂੰ ਰੋਕਿਆ ਤੇ ਤਲਾਸ਼ੀ ਦੌਰਾਨ ਉਸ ਦੇ ਬੈਗ ਵਿਚੋਂ ਆਈ.ਈ.ਡੀ. ਬਰਾਮਦ ਕੀਤੀ। ਇਸ ਸੰਬੰਧੀ ਥਾਣਾ ਪਤਾਰਾ ਵਿਖੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪਿਛਲੀ ਖ਼ਬਰ ਬਿਜਲੀ ਮੁਲਾਜ਼ਮ ਹੜਤਾਲ ਵਾਪਸ ਲੈਣ, ਸਰਕਾਰ ਹਰ ਜਾਇਜ਼ ਮੰਗ ’ਤੇ ਗੱਲਬਾਤ ਲਈ ਤਿਆਰ-ਅਮਨ ਅਰੋੜਾ ਅਗਲੀ ਖ਼ਬਰ ਕੇਵਲ ਸਿੰਘ ਸ਼ੇਰੋਂ ਦੇ ਸਰਕਲ ਪ੍ਰਧਾਨ ਬਣਨ ’ਤੇ ਖੁਸ਼ੀ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।