ਪਠਾਨਕੋਟ, 27 ਜੁਲਾਈ (ਸੁਮਿਤ/ਸੰਧੂ)-ਨਗਰ ਨਿਗਮ ਪਠਾਨਕੋਟ ਵਿਚ ਸੋਮਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਨਿਗਮ ਕਮਿਸ਼ਨਰ ਦੀ ਅਧਿਕਾਰਕ ਈਮੇਲ ‘ਤੇ ਬੰਬ ਨਾਲ ਦਫ਼ਤਰ ਉਡਾਉਣ ਦੀ ਧਮਕੀ ਭਰੀ ਮੇਲ ਪ੍ਰਾਪਤ ਹੋਈ। ਮੇਲ ਵਿਚ ਦਾਅਵਾ ਕੀਤਾ ਗਿਆ ਕਿ ਦੁਪਹਿਰ 3:11 ਵਜੇ ਨਗਰ ਨਿਗਮ ਦਫ਼ਤਰ ਨੂੰ ਧਮਾਕੇ ਨਾਲ ਉਡਾ ਦਿੱਤਾ ਜਾਵੇਗਾ। ਧਮਕੀ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆ ਗਿਆ। ਥਾਣਾ ਡਵੀਜ਼ਨ ਨੰਬਰ-1 ਦੀ ਇੰਚਾਰਜ ਇੰਸਪੈਕਟਰ ਅਮਨਪ੍ਰੀਤ ਕੌਰ ਆਪਣੀ ਟੀਮ ਸਮੇਤ ਪੂਰੇ ਕੈਂਪਸ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਨਗਰ ਨਿਗਮ ਦੇ ਐਕਸੀਅਨ ਪ੍ਰਭਜੋਤ ਸਿੰਘ, ਐਸ.ਡੀ.ਓ. ਪੰਕਜ ਹੰਸ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਰਹੇ। ਪੁਲਿਸ ਵਲੋਂ ਬੰਬ ਨਿਰੋਧਕ ਦਸਤੇ ਅਤੇ ਹੋਰ ਸੁਰੱਖਿਆ ਏਜੰਸੀਆਂ ਨਾਲ ਵੀ ਸੰਪਰਕ ਕੀਤਾ ਗਿਆ ਹੈ ਅਤੇ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਫਿਲਹਾਲ ਕਿਸੇ ਵੀ ਸ਼ੱਕੀ ਵਸਤੂ ਮਿਲਣ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਈਮੇਲ ਭੇਜਣ ਵਾਲੇ ਦੀ ਪਹਿਚਾਣ ਕਰਨ ਅਤੇ ਧਮਕੀ ਦੀ ਸੱਚਾਈ ਦੀ ਜਾਂਚ ਵਿਚ ਜੁਟੀ ਹੋਈ ਹੈ। ਅਹਿਤਿਆਤ ਵਜੋਂ ਨਗਰ ਨਿਗਮ ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਨਗਰ ਨਿਗਮ ਪਠਾਨਕੋਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਅਜੀਤ ਡੈਸਕ
28-07-2026