03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਭਾਰਤੀ ਮੂਲ ਦੇ ਵਕੀਲ ਵਿਰੁੱਧ ਸ਼ਰਨ ਮਾਮਲਿਆਂ ’ਚ ਧੋਖਾਧੜੀ ਦੇ ਦੋਸ਼

ਭਾਰਤੀ ਮੂਲ ਦੇ ਵਕੀਲ ਵਿਰੁੱਧ ਸ਼ਰਨ ਮਾਮਲਿਆਂ ’ਚ ਧੋਖਾਧੜੀ ਦੇ ਦੋਸ਼

ਅਜੀਤ ਡੈਸਕ 03-08-2026

4 ਕਰੋੜ ਰੁਪਏ ਤੋਂ ਵੱਧ ਦਾ ਲਗਾਇਆ ਜੁਰਮਾਨਾ
ਸੈਕਰਾਮੈਂਟੋ, 2 ਅਗਸਤ (ਹੁਸਨ ਲੜੋਆ ਬੰਗਾ)-ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ (ਆਈ.ਸੀ.ਈ.) ਨੇ ਭਾਰਤੀ ਮੂਲ ਦੇ ਇਕ ਇਮੀਗ੍ਰੇਸ਼ਨ ਵਕੀਲ ਉਪਰ ਦੋਸ਼ ਲਾਇਆ ਹੈ ਕਿ ਉਸ ਨੇ 54 ਇਮੀਗ੍ਰੇਸ਼ਨ ਮਾਮਲਿਆਂ ’ਚ 118 ਧੋਖਾਧੜੀ ਦਸਤਾਵੇਜ਼ ਤਿਆਰ ਕੀਤੇ ਤੇ ਜਮ੍ਹਾਂ ਕਰਵਾਏ। ਆਈ.ਸੀ.ਈ. ਨੇ ਕਾਨੂੰਨ ਦੇ ਤਹਿਤ ਵਕੀਲ ਸੂਰਜ ਰਾਜ ਸਿੰਘ ਕੋਲੋਂ ਵੱਧ ਤੋਂ ਵੱਧ ਜੁਰਮਾਨਾ ਵਸੂਲਣ ਲਈ ਨੋਟਿਸ ਜਾਰੀ ਕੀਤਾ ਹੈ| ਹੋਮਲੈਂਡ ਸਕਿਉਰਿਟੀ ਵਿਭਾਗ (ਡੀ.ਐਚ.ਐਸ.) ਅਨੁਸਾਰ ਆਈ.ਸੀ.ਈ. ਨੇ ਅਟਾਰਨੀ ਨੂੰ ਨੋਟਿਸ ਜਾਰੀ ਕਰਕੇ 470584 ਡਾਲਰ ਜੁਰਮਾਨੇ ਦੀ ਮੰਗ ਕੀਤੀ ਹੈ| ਸੂਰਜ ਰਾਜ ਸਿੰਘ ਵੱਡੀ ਪੱਧਰ ’ਤੇ ਭਾਰਤੀ ਨਾਗਰਿਕਾਂ ਦੇ ਕੇਸ ਲੜਦੇ ਹਨ ਜੋ ਅਮਰੀਕਾ ਵਿਚ ਸ਼ਰਨ ਲੈਣਾ ਚਾਹੁੰਦੇ ਹਨ| ਆਈ.ਸੀ.ਈ. ਨੇ  ਕਿਹਾ ਹੈ ਕਿ ਅਟਾਰਨੀ ਵੱਲੋਂ ਸ਼ਰਨ ਲੈਣ ਸਬੰਧੀ ਸਾਰੇ ਮਾਮਲਿਆਂ ’ਚ ਅਰਜ਼ੀਆਂ ਦੇ ਸਮਰਥਨ ਵਿੱਚ ਦਾਇਰ ਕੀਤੇ ਗਏ ਬਹੁਤ ਸਾਰੇ ਮਾਮਲਿਆਂ ਵਿਚ ਬਿਨੈਕਾਰਾਂ ਉਪਰ ਕਥਿਤ ਅਤਿਆਚਾਰ ਦਾ ਵਰਣਨ ਕਰਨ ਵਾਲੀ ਲਗਭਗ ਇੱਕੋ ਜਿਹੀ ਭਾਸ਼ਾ, ਬਿਰਤਾਂਤ ਤੇ ਸਹਾਇਕ ਵੇਰਵਿਆਂ ਦੀ ਵਰਤੋਂ ਕੀਤੀ ਗਈ ਹੈ| ਇਕ ਬਿਆਨ ’ਚ, ਡੀ.ਐਚ.ਐਸ. ਦੇ  ਵਕੀਲ ਜੇਮਜ਼ ਪਰਸੀਵਲ ਨੇ ਕਿਹਾ ਕਿ ਧੋਖਾਧੜੀ ਵਾਲੇ ਸ਼ਰਨ ਦਾਅਵੇ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਕਮਜ਼ੋਰ ਕਰਦੇ ਹਨ, ਗੈਰ-ਕਾਨੂੰਨੀ ਅਪਰਾਧੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ’ਚ ਅੜਿਕਾ ਬਣਦੇ ਹਨ ਤੇ ਜਨਤਕ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੇ ਹਨ| ਉਨਾਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਮਲੈਂਡ ਸਿਕਿਓਰਿਟੀ ਸੈਕਟਰੀ ਮੁਲਿਨ ਦੀ ਅਗਵਾਈ ਹੇਠ ਵਿਭਾਗ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਕਰਨ ਦੇ ਦੋਸ਼ੀ ਵਕੀਲਾਂ ਵਿਰੁੱਧ ਪੈਰਵਾਈ ਜਾਰੀ ਰੱਖੇਗਾ| ਸੂਰਜ ਸਿੰਘ ਵਿਰੁੱਧ ਕਾਰਵਾਈ ਮਈ ’ਚ ਪਰਸੀਵਲ ਦੁਆਰਾ ਜਾਰੀ ਕੀਤੇ ਗਏ ਇਕ ਨਿਰਦੇਸ਼ ਤੋਂ ਬਾਅਦ ਕੀਤੀ ਗਈ ਹੈ ਜਿਸ ਵਿੱਚ ਧੋਖਾਧੜੀ ਵਾਲੇ ਸ਼ਰਨ ਦੇ ਦਾਅਵਿਆਂ ’ਤੇ ਕਾਰਵਾਈ ਤੇਜ਼ ਕਰਨ ਲਈ ਕਿਹਾ ਗਿਆ ਸੀ| ਇਸ ਸਬੰਧੀ ਪਹਿਲਾ ਮਾਮਲਾ ਜੂਨ ’ਚ ਸਾਹਮਣੇ ਆਇਆ ਸੀ ਜਦੋਂ ਆਈ.ਸੀ.ਈ. ਨੇ ਵਕੀਲ ਵਿਨੋਦ ਡੋਡਾਮਨੀ ਦੇ ਖ਼ਿਲਾਫ਼ ਜੁਰਮਾਨੇ ਲਈ ਪੰਜ ਨੋਟਿਸ ਜਾਰੀ ਕੀਤੇ ਸਨ, ਜਿਨਾਂ ’ਚ ਕੁੱਲ 255,232 ਡਾਲਰ  ਜੁਰਮਾਨੇ ਦੀ ਮੰਗ ਕੀਤੀ ਗਈ ਸੀ|

 

ਪਿਛਲੀ ਖ਼ਬਰ ਪੇਪਰ ਲੀਕ ਮਾਮਲਿਆਂ ’ਚ ਫਾਸਟ-ਟਰੈਕ ਅਦਾਲਤ ਦੇ ਵਿਸ਼ੇਸ਼ ਜੱਜ ਦਾ ਤਬਾਦਲਾ ਅਗਲੀ ਖ਼ਬਰ ‘ਆਪ’ ਦਾ ਸਾਬਕਾ ਵਿਧਾਇਕ ਨਰੇਸ਼ ਬਾਲਿਆਨ ਜ਼ਬਰਨ ਵਸੂਲੀ ਤੇ ਅਪਰਾਧਿਕ ਸਾਜਿਸ਼ ਦੇ ਦੋਸ਼ਾਂ ਤੋਂ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।