ਚੰਡੀਗੜ੍ਹ/ਐੱਸ.ਏ.ਐੱਸ ਨਗਰ, 3 ਸਤੰਬਰ (ਅਜਾਇਬ ਸਿੰਘ ਔਜਲਾ/ਤਰਵਿੰਦਰ ਸਿੰਘ ਬੈਨੀਪਾਲ) - ਸੰਯੁਕਤ ਕਿਸਾਨ ਮੋਰਚਾ ਵਲੋਂ ਚੰਡੀਗੜ੍ਹ ਵਿਖੇ ਲਾਇਆ ਗਿਆ ਮੋਰਚਾ ਅੱਜ ਤੀਜੇ ਦਿਨ ਵੀ ਮਜ਼ਬੂਤੀ ਨਾਲ ਜਾਰੀ ਰਿਹਾ। ਅੱਜ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਹੋਰ ਕਿਸਾਨ ਪਹੁੰਚੇ । ਸਾਰੀਆਂ ਜਥੇਬੰਦੀਆਂ ਆਪਣੇ-ਆਪਣੇ ਆਗੂਆਂ ਦੀ ਅਗਵਾਈ ਹੇਠ ਵੱਡੇ ਕਾਫ਼ਲਿਆਂ ਦੇ ਰੂਪ ਵਿਚ ਸਟੇਜ ਦੇ ਸਾਹਮਣੇ ਇਕੱਠੀਆਂ ਹੋਈਆਂ। ਨਾਅਰਿਆਂ ਦੀ ਗੂੰਜ ਨਾਲ ਮੋਰਚੇ ਨੂੰ ਹੋਰ ਵੀ ਬਲ ਮਿਲਿਆ। ਮੋਰਚਾ ਦੀ ਸਟੇਜ ਦੇ ਪ੍ਰਬੰਧਕੀ ਮੰਡਲ ਵਿਚ ਮਨਜੀਤ ਸਿੰਘ ਧਨੇਰ, ਮਲੂਕ ਸਿੰਘ ਹੀਰਕੇ, ਮੁਕੇਸ਼ ਚੰਦਰ ਸ਼ਰਮਾ, ਰਘਵੀਰ ਸਿੰਘ ਬੇਨੀਵਾਲ, ਬਲਵਿੰਦਰ ਸਿੰਘ ਰਾਜੂ ਔਲਖ, ਪਵਿੱਤਰ ਸਿੰਘ ਅਤੇ ਬੂਟਾ ਸਿੰਘ ਸ਼ਾਦੀਪੁਰ ਆਦਿ ਸ਼ਾਮਿਲ ਸਨ । ਇਸ ਮੌਕੇ ਕਿਸਾਨ ਆਗੂ ਚਰਨਜੀਤ ਸਿੰਘ, ਰਜਿੰਦਰ ਸਿੰਘ, ਜਸਵਿੰਦਰ ਸਿੰਘ ਝਬੇਲ, ਇੰਦਰਪਾਲ ਸਿੰਘ, ਕਵਲਪ੍ਰੀਤ ਸਿੰਘ ਪੰਨੂ, ਗੁਰਵਿੰਦਰ ਸਿੰਘ ਢਿੱਲੋਂ, ਗੁਰ ਪ੍ਰਤਾਪ ਸਿੰਘ, ਅੰਗਰੇਜ਼ ਸਿੰਘ ਭਦੌੜ, ਪਵਿੱਤਰ ਸਿੰਘ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਨ੍ਹਾਂ ਤੋਂ ਇਲਾਵਾ ਜਗਸੀਰ ਸਿੰਘ ਛੀਨੀਵਾਲ, ਤਰਸੇਮ ਸਿੰਘ, ਰਸ਼ਪਾਲ ਸਿੰਘ, ਦਲਵੀਰ ਸਿੰਘ ਸਿੱਧੂਪੁਰ, ਜਰਨੈਲ ਸਿੰਘ ਮਕਰੋੜ, ਚਰਨ ਸਿੰਘ, ਚਰਨਜੀਤ ਸਿੰਘ ਡੱਲਾ, ਪ੍ਰਗਟ ਸਿੰਘ ਦੇ ਨਾਲ-ਨਾਲ ਦਲਵਿੰਦਰ ਸਿੰਘ ਸ਼ੇਰਖਾਂ, ਰਾਮਪਾਲ ਚੱਕ ਆਲੀ ਸ਼ੇਰ, ਡਾ. ਸਤਨਾਮ ਸਿੰਘ ਅਜਨਾਲਾ, ਜਸਦੀਪ ਸਿੰਘ ਜੈਤੋ, ਭੁਪਿੰਦਰ ਸਿੰਘ ਦੌਲਤਪੁਰਾ ਅਤੇ ਹਰਜਿੰਦਰ ਸਿੰਘ ਟਾਂਡਾ ਵਲੋਂ ਕਿਸਾਨੀ ਮੰਗਾਂ ’ਤੇ ਵਿਸਥਾਰਪੂਰਵਕ ਵਿਚਾਰ ਸਾਂਝੇ ਕੀਤੇ। ਆਗੂਆਂ ਨੇ ਮੰਗ ਕੀਤੀ ਕਿ ਰਿਪੇਰੀਅਨ ਸਿਧਾਂਤ ਅਤੇ ਸੰਵਿਧਾਨ ਅਨੁਸਾਰ ਪਹਿਲਾਂ ਹੋਏ ਫ਼ੈਸਲਿਆਂ ’ਤੇ 25 ਸਾਲਾਂ ਬਾਅਦ ਮੁੜ ਵਿਚਾਰ ਕੀਤਾ ਜਾ ਸਕਦਾ ਹੈ। ਇਸ ਲਈ ਮੰਗ ਕੀਤੀ ਗਈ ਕਿ ਭਗਵੰਤ ਮਾਨ ਸਰਕਾਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਧਾਰਾ 78, 79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰੇ ਅਤੇ ਪੰਜਾਬ ਪੁਨਰਗਠਨ ਐਕਟ 1966 ਵਿੱਚੋਂ ਇਹ ਧਾਰਾਵਾਂ ਖ਼ਾਰਜ ਕਰਨ ਲਈ ਕੇਂਦਰ ਸਰਕਾਰ ਨੂੰ ਮਤਾ ਭੇਜੇ। ਸਾਰੇ ਵਿਤਕਰੇ ਭਰੇ ਸਮਝੌਤੇ ਰੱਦ ਕਰਕੇ ਉਨ੍ਹਾਂ ’ਤੇ ਮੁੜ ਘੋਖ ਕੀਤੀ ਜਾਵੇ। ਇਸ ਮੌਕੇ ਹਰਿੰਦਰ ਸਿੰਘ ਲੱਖੋਵਾਲ, ਹਰਮੀਤ ਸਿੰਘ ਕਾਦੀਆਂ, ਰਾਮਿੰਦਰ ਸਿੰਘ ਪਟਿਆਲਾ, ਗੁਰਮੀਤ ਸਿੰਘ ਮਹਿਮਾ, ਜਗਮੋਹਨ ਸਿੰਘ ਪਟਿਆਲਾ ਨੇ ਵੀ ਸ਼ਮੂਲੀਅਤ ਕੀਤੀ। ਮੁੱਖ ਸਟੇਜ ਦਾ ਸੰਚਾਲਨ ਬੋਘ ਸਿੰਘ ਮਾਨਸਾ, ਨਛੱਤਰ ਸਿੰਘ ਜੈਤੋ, ਜਰਨੈਲ ਸਿੰਘ ਮਕਰੋੜ, ਗੁਰਵਿੰਦਰ ਸਿੰਘ ਢਿੱਲੋਂ ਅਤੇ ਜਗਸੀਰ ਸਿੰਘ ਛੀਨੀਵਾਲ ਆਦਿ ਵਲੋਂ ਕੀਤਾ ਗਿਆ।
ਸਰਕਾਰਾਂ ਵਲੋਂ ਮੰਗਾਂ ਸੰਬੰਧੀ ਕੋਈ ਹੁੰਗਾਰਾ ਨਾ ਮਿਲਣ ’ਤੇ ਕੀਤਾ ਜਾਵੇਗਾ ਐਕਸ਼ਨ ਦਾ ਐਲਾਨ - ਐਸ.ਕੇ.ਐਮ.
ਸੰਯੁਕਤ ਕਿਸਾਨ ਮੋਰਚਾ ਵਲੋਂ ਚੰਡੀਗੜ੍ਹ ਮੁਹਾਲੀ ਦੀ ਸਰਹੱਦ ਤੇ ਆਰੰਭੇ ਮੋਰਚੇ ਦੇ ਤੀਜੇ ਦਿਨ ਮੁਹਾਲੀ ਫ਼ੇਜ਼ -11 ਵਿਚ ਪੰਜਾਬ ਪੁਲਿਸ ਦੇ ਰੂਪਨਗਰ ਰੇਂਜ ਦੇ ਡੀ. ਆਈ. ਜੀ. ਡਾ. ਨਾਨਕ ਸਿੰਘ ਅਤੇ ਚੰਡੀਗੜ੍ਹ ਪੁਲੀਸ ਦੀ ਐੱਸ. ਐੱਸ. ਪੀ. ਕੰਵਰਦੀਪ ਕੌਰ ਦੀ ਅਗਵਾਈ ਹੇਠ ਪੁਲਿਸ ਅਧਿਕਾਰੀਆਂ ਦੀ ਟੀਮ ਨੇ ਅੱਜ ਬਾਅਦ ਦੁਪਹਿਰ ਐਸ.ਕੇ.ਐਮ. ਦੇ ਆਗੂਆਂ ਨਾਲ ਮੀਟਿੰਗ ਕੀਤੀ । ਮੀਟਿੰਗ ਉਪਰੰਤ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹਰਿੰਦਰ ਸਿੰਘ ਲੱਖੋਵਾਲ, ਪ੍ਰੇਮ ਸਿੰਘ ਭੰਗੂ ਤੇ ਮੁਕੇਸ਼ ਸ਼ਰਮਾ ਆਦਿ ਕਿਸਾਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਅਧਿਕਾਰੀਆਂ ਕੋਲ ਕੇਂਦਰ ਅਤੇ ਰਾਜ ਸਰਕਾਰ ਦੀ ਬੇਰੁਖ਼ੀ ਤੇ ਸਖ਼ਤ ਰੋਸ ਪ੍ਰਗਟਾਇਆ ਹੈ । ਉਨ੍ਹਾਂ ਕਿਹਾ ਕਿ ਮੰਗਾਂ ਸਬੰਧੀ ਜਾਣਕਾਰੀ ਹੋਣ ਦੇ ਬਾਵਜੂਦ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਐਸ. ਕੇ. ਐਮ. ਨੂੰ ਅਜੇ ਤੱਕ ਗੱਲਬਾਤ ਲਈ ਕੋਈ ਸੱਦਾ ਨਾ ਦੇਣ ਕਾਰਨ ਕਿਸਾਨਾਂ ਵਿਚ ਸਖ਼ਤ ਰੋਸ ਹੈ। ਉਨ੍ਹਾਂ ਐਸ.ਕੇ.ਐਮ. ਵਲੋਂ ਅਧਿਕਾਰੀਆਂ ਨੂੰ ਸਪੱਸ਼ਟ ਕਿਹਾ ਕਿ ਜੇਕਰ 4 ਸਤੰਬਰ ਦਿਨ ਸ਼ੁੱਕਰਵਾਰ ਨੂੰ 2 ਵਜੇ ਤੱਕ ਦੋਵਾਂ ਸਰਕਾਰਾਂ ਵਲੋਂ ਕੋਈ ਹੁੰਗਾਰਾ ਨਾ ਮਿਲਿਆ ਤਾਂ ਐਸ.ਕੇ.ਐਮ. ਆਗੂਆਂ ਦੀ ਮੀਟਿੰਗ ਤੋਂ ਬਾਅਦ 5 ਸਤੰਬਰ ਦੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।