05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਉਪ-ਰਾਸ਼ਟਰਪਤੀ ਵਲੋਂ ਪੰਜਾਬ ਯੂਨੀਵਰਸਿਟੀ ’ਚ ਉੱਚ ਤਕਨੀਕੀ ਵਿਗਿਆਨਕ ਯੰਤਰ ਕੇਂਦਰ ਅਤੇ ਟੈਕਨਾਲੋਜੀ ਨਵੀਨਤਾ ਮੰਚ ਦਾ ਉਦਘਾਟਨ

ਕਿਹਾ, ਭਾਰਤ ਗੁਣਵੱਤਾਪੂਰਨ ਸਿੱਖਿਆ ਅਤੇ ਖੋਜ ਲਈ ਇਕ ਵਿਸ਼ਵਵਿਆਪੀ ਮੰਜ਼ਿਲ ਵਜੋਂ ਉੱਭਰ ਰਿਹਾ ਹੈ ਚੰਡੀਗੜ੍ਹ, 4 ਸਤੰਬਰ (ਮਾਰਕੰਡਾ)- ਉਪ-ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਕੁਲਪਤੀ ਸੀ. ਪੀ.

ਅਜੀਤ ਡੈਸਕ 05-09-2026

ਕਿਹਾ, ਭਾਰਤ ਗੁਣਵੱਤਾਪੂਰਨ ਸਿੱਖਿਆ ਅਤੇ ਖੋਜ ਲਈ ਇਕ ਵਿਸ਼ਵਵਿਆਪੀ ਮੰਜ਼ਿਲ ਵਜੋਂ ਉੱਭਰ ਰਿਹਾ ਹੈ
ਚੰਡੀਗੜ੍ਹ, 4 ਸਤੰਬਰ (ਮਾਰਕੰਡਾ)- ਉਪ-ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਕੁਲਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਦੌਰਾ ਕੀਤਾ। ਜਿਥੇ ਉਨ੍ਹਾਂ ਨੇ ਸੈਫ/ਸੈੱਲ ਵਿਭਾਗ ਵਿਖੇ ਐਡਵਾਂਸਡ ਇੰਸਟਰੂਮੈਂਟੇਸ਼ਨ ਫੈਸਿਲਿਟੀ ਅਤੇ ਪੰਜਾਬ ਯੂਨੀਵਰਸਿਟੀ ਟੈਕ ਇਨੋਵੇਸ਼ਨ ਫੋਰਮ (ਪੀ.ਯੂ-ਟਿਫ਼) ਦਾ ਵੀ ਉਦਘਾਟਨ ਕੀਤਾ। ਉੱਥੇ ਉਨ੍ਹਾਂ ਨੇ ਲਾਅ ਆਡੀਟੋਰੀਅਮ ਵਿਖੇ ਰੱਖੇ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਮੌਜੂਦ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਸਮੇਤ ਹੋਰਾਂ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਪ੍ਰੋ. ਮੀਨਾਕਸ਼ੀ ਗੋਇਲ ਨੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ ਸੀ.ਪੀ. ਰਾਧਾਕ੍ਰਿਸ਼ਨਨ ਨੇ 1882 ਵਿਚ ਇਸ ਦੀ ਸਥਾਪਨਾ ਤੋਂ ਬਾਅਦ ਯੂਨੀਵਰਸਿਟੀ ਦੀ ਵਿਲੱਖਣ ਵਿਰਾਸਤ ਨੂੰ ਯਾਦ ਕੀਤਾ। ਉਪ-ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਗੁਣਵੱਤਾਪੂਰਨ ਸਿੱਖਿਆ, ਖੋਜ ਅਤੇ ਨਵੀਨਤਾ ਲਈ ਇਕ ਵਿਸ਼ਵਵਿਆਪੀ ਮੰਜ਼ਿਲ ਵਜੋਂ ਤੇਜ਼ੀ ਨਾਲ ਉੱਭਰ ਰਿਹਾ ਹੈ। ਉਦਘਾਟਨ ਕੀਤੇ ਕੁੱਲ ਪੰਜ ਉੱਨਤ ਵਿਗਿਆਨਕ ਯੰਤਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਵੈ-ਚਾਲਿਤ ਮੰਚ ਸੂਖਮਦਰਸ਼ਕ ਯੰਤਰ, ਰਮਨ ਸਪੈਕਟਰੋਮੀਟਰ, ਡੀ.ਐਨ.ਏ ਸੀਕਵੈਂਸਰ, ਜਾਂਚ ਯੰਤਰ ਅਤੇ ਰੇਡੀਏਸ਼ਨ ਯੰਤਰ (ਐਫ.ਟੀ.ਆਈ.ਆਰ ਸਪੈਕਟਰੋਮੀਟਰ) ਦੀ ਸਥਾਪਨਾ, ਨੈਨੋ ਤਕਨਾਲੋਜੀ, ਸਮੱਗਰੀ ਵਿਗਿਆਨ, ਵਾਤਾਵਰਨ ਵਿਗਿਆਨ ਅਤੇ ਜੀਨੋਮਿਕਸ ਸਮੇਤ ਖੇਤਰਾਂ ਵਿਚ ਯੂਨੀਵਰਸਿਟੀ ਦੀਆਂ ਖੋਜ ਸਮਰੱਥਾਵਾਂ ਨੂੰ ਇਨ੍ਹਾਂ ਨਾਲ ਮਹੱਤਵਪੂਰਨ ਵਾਧਾ ਮਿਲੇਗਾ। ਉਨ੍ਹਾਂ ਕਿਹਾ ਕਿ ਖੋਜ ਦਾ ਸਮਾਜ ’ਤੇ ਸਾਰਥਕ ਪ੍ਰਭਾਵ ਹੋਣਾ ਚਾਹੀਦਾ ਹੈ। ਉਨ੍ਹਾਂ ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਵਿਚ ਖੋਜ ਕਰਨ ਦਾ ਸੱਦਾ ਦਿੱਤਾ ਤਾਂ ਜੋ ਇਸ ਦਾ ਲਾਭ ਸਮਾਜ ਤੱਕ ਵੱਡੇ ਪੱਧਰ ’ਤੇ ਪਹੁੰਚਾਇਆ ਜਾ ਸਕੇ। ਪੀ.ਐਚ.ਡੀ. ਵਿਦਿਆਰਥੀ ਦੀ ਮੌਤ ਤੋਂ ਬਾਅਦ, ਉਨ੍ਹਾਂ ਨੇ ਤੁਰੰਤ ਯੂਨੀਵਰਸਿਟੀ ਅਧਿਕਾਰੀਆਂ ਨੂੰ ਪੂਰੇ ਕੈਂਪਸ ਦਾ ਇਕ ਵਿਆਪਕ ਸੁਰੱਖਿਆ ਆਡਿਟ ਕਰਨ ਦੇ ਨਿਰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਤੇ ਤੰਦਰੁਸਤੀ ਯੂਨੀਵਰਸਿਟੀ ਦੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ‘ਨਸ਼ਾ ਮੁਕਤ ਭਾਰਤ’ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੰਦੇ ਹੋਏ ਸੀ.ਪੀ.ਰਾਧਾਕ੍ਰਿਸ਼ਨਨ ਨੇ ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਯੂ.ਟੀ. ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ, ਹਰਿਆਣਾ ਦੇ ਰਾਜਪਾਲ ਪ੍ਰੋ. ਅਸ਼ੀਮ ਕੁਮਾਰ ਘੋਸ਼, ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਇਕ ਜੱਫੀ ਸਿਰਫ਼ ਤਸਵੀਰ ਨਹੀਂ, ਇਕ ਹੋਰ ਸੁਨੇਹਾ ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ ਵਿਖੇ ਰੱਖੇ ਪ੍ਰੋਗਰਾਮ ਦੌਰਾਨ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਉਪ ਰਾਸ਼ਟਰਪਤੀ ਸੀ.ਪੀ. ਰਾਧਾ ਕ੍ਰਿਸ਼ਨਨ ਨੂੰ ਪਾਈ ਗਈ ਇਹ ਨਿੱਘੀ ਜੱਫੀ ਕਈ ਸਵਾਲ ਵੀ ਖੜ੍ਹੇ ਕਰਦੀ ਹੈ ਕਿ ਕੀ ਮਨੀਸ਼ ਤਿਵਾੜੀ ਦੀ ਨੇੜਤਾ ਭਾਜਪਾ ਆਗੂਆਂ ਨਾਲ ਲਗਾਤਾਰ ਵੱਧ ਰਹੀ ਹੈ। ਇਸ ਤੋਂ ਪਹਿਲਾ ਸੰਸਦ ਮੈਂਬਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਉਪਰੰਤ ਵੀ ਅਜਿਹੀ ਤਸਵੀਰ ਦੇਖੀ ਗਈ। ਇਹ ਜੱਫੀ ਕਿਸੇ ਸਿਆਸੀ ਸਮੀਕਰਨ ਦਾ ਐਲਾਨ ਹੈ ਜਾਂ ਸਿਰਫ਼ ਆਪਸੀ ਸਨੇਹੇ ਦਾ ਪਲ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਉਧਰ ਦੂਸਰੇ ਪਾਸੇ ਦੇਖੀਏ ਤਾਂ ਇਹ ਇਕ ਖ਼ੂਬਸੂਰਤ ਸੰਦੇਸ਼ ਵੀ ਦਿੰਦੀ ਹੈ, ਸਿਆਸਤ ਵਿਚ ਵਿਚਾਰ ਵੱਖਰੇ ਹੋ ਸਕਦੇ ਹਨ, ਪਾਰਟੀਆਂ ਵੱਖਰੀਆਂ ਹੋ ਸਕਦੀਆਂ ਹਨ, ਪਰ ਨਿੱਜੀ ਸਤਿਕਾਰ ਅਤੇ ਮਨੁੱਖੀ ਰਿਸ਼ਤੇ ਇਨ੍ਹਾਂ ਹੱਦਾਂ ਤੋਂ ਉੱਪਰ ਹੁੰਦੇ ਹਨ। ਸੁਰੱਖਿਆ ਦੇ ਨਾਂਅ ਹੇਠ ਪੈੱਨ ਅਤੇ ਪੀਣ ਵਾਲੇ ਪਾਣੀ ਦੀ ਮਨਾਹੀ, ਇਹ ਕਿਹੋ ਜਿਹਾ ਪ੍ਰਬੰਧ? ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਖੇ ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਦੀ ਫੇਰੀ ਉਪਰੰਤ ਰੱਖੇ ਪ੍ਰੋਗਰਾਮ ਦੌਰਾਨ ਸੁਰੱਖਿਆ ਪ੍ਰਬੰਧਾਂ ਹੇਠ ਮੋਬਾਈਲ, ਹੈਡਫੋਨ, ਵਾਹਨ ਦੀਆਂ ਚਾਬੀਆਂ ਜਾਂ ਹੋਰ ਵਸਤਾਂ ਅੰਦਰ ਲਿਜਾਣ ’ਤੇ ਰੋਕ ਵੀ ਸੁਰੱਖਿਆ ਦਾ ਹਿੱਸਾ ਹੋ ਸਕਦੀ ਹੈ, ਪਰ ਜਦੋਂ ਲਿਖਣ ਵਾਲਾ ਪੈੱਨ ਅਤੇ ਪੀਣ ਵਾਲਾ ਪਾਣੀ ਵੀ ਨਾ ਮਿਲੇ, ਤਾਂ ਸਵਾਲ ਉੱਠਣਾ ਸੁਭਾਵਿਕ ਹੈ। ਦੱਸਣਾ ਬਣਦਾ ਹੈ ਕਿ ਇਹ ਇਕ ਵਿੱਦਿਅਕ ਸੰਸਥਾ ਹੈ, ਜਿੱਥੇ ਕਲਮ ਗਿਆਨ, ਵਿਚਾਰ ਅਤੇ ਸਵਾਲਾਂ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਫਿਰ ਕਲਮ ਤੋਂ ਵੀ ਇੰਨਾ ਡਰ ਕਿਉਂ? ਕੀ ਸੁਰੱਖਿਆ ਪ੍ਰਬੰਧ ਇੰਨੇ ਅਤਿ-ਸਖ਼ਤ ਹੋਣੇ ਚਾਹੀਦੇ ਹਨ ਕਿ ਇਕ ਬੁਲਾਏ ਹੋਏ ਵਿਅਕਤੀ ਆਪਣੇ ਵਿਚਾਰ ਲਿਖਣ ਵਾਲੀ ਕਲਮ ਵੀ ਨਾਲ ਨਾ ਲੈ ਜਾ ਸਕੇ? ਇਸੇ ਮੌਕੇ ਜਦੋਂ ਪੈੱਨ ਸਬੰਧੀ ਸਵਾਲ ਖੜ੍ਹੇ ਕੀਤੇ ਤਾਂ ਫਿਰ ਬਾਅਦ ਵਿਚ ਵਿਭਾਗ ਨੇ ਪੈੱਨ ਦੇਣ ਦੀ ਗੱਲ ਨੂੰ ਸਹੀ ਮੰਨਦਿਆਂ ਪੈੱਨ ਦਿੱਤੇ, ਪਰ ਪੀਣ ਵਾਲੇ ’ਤੇ ਚੁੱਪੀ ਬਣਾਈ ਰੱਖੀ।

ਪਿਛਲੀ ਖ਼ਬਰ ਸਿੱਖਿਆ ਵਿਭਾਗ ਵਲੋਂ ਅਧਿਆਪਕ ਰਾਜ ਪੁਰਸਕਾਰ, ਯੰਗ ਅਧਿਆਪਕ ਪੁਰਸਕਾਰ, ਵਿਸ਼ੇਸ਼ ਅਧਿਆਪਕ ਅਗਲੀ ਖ਼ਬਰ ਜੈਕਾਰਿਆਂ ਦੀ ਗੂੰਜ ਵਿਚ ਮੀਰੀ-ਪੀਰੀ ਖ਼ਾਲਸਾ ਮਾਰਚ ਦੇ ਦੂਜੇ ਪੜਾਅ ਦੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਸੰਪੂਰਨਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।