24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਈ.ਡੀ. ਵਲੋਂ ਚੰਡੀਗੜ੍ਹ, ਮੁਹਾਲੀ, ਲੁਧਿਆਣਾ, ਦਿੱਲੀ ਤੇ ਪੰਚਕੂਲਾ ਵਿਖੇ ਦੋ ਦਰਜਨ ਥਾਵਾਂ ’ਤੇ ਛਾਪੇਮਾਰੀ

ਚੰਡੀਗੜ੍ਹ, 23 ਸਤੰਬਰ (ਹਰਕਵਲਜੀਤ ਸਿੰਘ) : ਕੇਂਦਰੀ ਜਾਂਚ ਏਜੰਸੀ ਈ. ਡੀ.

ਅਜੀਤ ਡੈਸਕ 24-09-2026
ਚੰਡੀਗੜ੍ਹ, 23 ਸਤੰਬਰ (ਹਰਕਵਲਜੀਤ ਸਿੰਘ) : ਕੇਂਦਰੀ ਜਾਂਚ ਏਜੰਸੀ ਈ.ਡੀ. ਵਲੋਂ ਪੰਜਾਬ ਵਿਚ ਮਗਰਲੇ ਦੋ ਦਿਨਾਂ ਦੌਰਾਨ ਚੰਡੀਗੜ੍ਹ, ਮੁਹਾਲੀ, ਲੁਧਿਆਣਾ, ਦਿੱਲੀ ਤੇ ਪੰਚਕੂਲਾ ਵਿਖੇ ਦੋ ਦਰਜਨ ਤੋਂ ਵੱਧ ਥਾਵਾਂ ’ਤੇ ਛਾਪੇਮਾਰੀਆਂ ਜਾਰੀ ਹਨ । ਇਹ ਛਾਪੇਮਾਰੀਆਂ ਦਾ ਸਬੰਧ ਮੁੱਖ ਤੌਰ ’ਤੇ ਪੰਜਾਬ ਦੇ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਵਿਭਾਗ ਨਾਲ ਹੈ । ਮੁਹਾਲੀ ਸਥਿਤ ਪੁੱਡਾ ਭਵਨ ਜਿਸ ਵਿਚ ਗਮਾਡਾ ਤੇ ਹੋਰ ਅਥਾਰਿਟੀਆਂ ਦੇ ਦਫਤਰ ਵੀ ਹਨ ਕੱਲ੍ਹ ਸਵੇਰ ਤੋਂ ਈ.ਡੀ. ਦੇ ਅਤੇ ਸੀ.ਆਰ.ਪੀ.ਐਫ. ਦੇ ਕੋਈ 150 ਅਧਿਕਾਰੀ ਤੇ ਕਰਮਚਾਰੀ ਬੈਠੇ ਹੋਏ ਹਨ ਤੇ ਰਾਜ ਦੇ ਇਸ ਅਹਿਮ ਸਰਕਾਰੀ ਅਦਾਰੇ ਵਿਚ ਕੱਲ੍ਹ ਸਵੇਰ ਤੋਂ ਕੰਮ ਬੰਦ ਹੈ ਤੇ ਬਾਹਰੋਂ ਕੰਮਕਾਜ ਲਈ ਆਉਣ ਵਾਲੇ ਲੋਕਾਂ ਲਈ ਵੀ ਦਾਖਲਾ ਬੰਦ ਹੈ । ਰਾਜ ਦੇ ਸੀਨੀਅਰ ਆਈ.ਏ.ਐਸ. ਤੇ ਪੀ.ਸੀ.ਐਸ. ਅਧਿਕਾਰੀ ਜੋ ਇੱਥੇ ਤਾਇਨਾਤ ਹਨ, ਨੂੰ ਕੱਲ੍ਹ ਸਵੇਰ ਤੋਂ ਦਫ਼ਤਰਾਂ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ । ਰਾਜ ਦੇ ਪ੍ਰਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਸ੍ਰੀ ਵਿਕਾਸ ਗਰਗ ਆਈ.ਏ.ਐਸ. ਨੂੰ ਵੀ ਅੱਜ ਬਾਅਦ ਦੁਪਹਿਰ ਈ.ਡੀ. ਦੀ ਟੀਮ ਹੀ ਸੈਕਟਰ 16 ਸਥਿਤ ਉਨ੍ਹਾਂ ਦੀ ਕੋਠੀ ਵਿਚ ਤਿਆਰ ਹੋਣ ਹਿੱਤ ਥੋੜ੍ਹੀ ਦੇਰ ਲਈ ਲੈ ਕੇ ਆਈ ਤੇ ਨਾਲ ਵਾਪਸ ਲੈ ਗਈ । ਈ.ਡੀ. ਵਲੋਂ ਅੱਜ ਸ਼ਾਮ ਕੋਈ 8 ਵਜੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਦੀ ਸੈਕਟਰ 39 ਸਥਿਤ ਰਿਹਾਇਸ਼ (ਕੋਠੀ ਨੰ: 926) ’ਤੇ ਵੀ ਦਸਤਕ ਦਿੱਤੀ ਗਈ ਜਦੋਂਕਿ ਸ੍ਰੀ ਜੈਨ ਉੱਥੇ ਨਹੀਂ ਸਨ ਤੇ ਕੇਵਲ ਪੁਲਿਸ ਗਾਰਦ ਦੇ ਕਰਮਚਾਰੀ ਹੀ ਮੌਜੂਦ ਸਨ । ਲੇਕਿਨ ਈ.ਡੀ. ਦੀ ਟੀਮ ਵਲੋਂ ਉੱਥੇ ਆਖਰੀ ਖਬਰਾਂ ਮਿਲਣ ਤਕ ਜਾਂਚ ਜਾਰੀ ਸੀ । ਚਰਚਾ ਇਹ ਵੀ ਸੀ ਕਿ ਮਕਾਨ ਉਸਾਰੀ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਤੀਜੇ ਗੁਰਪ੍ਰੀਤ ਸਿੰਘ ਪ੍ਰਿੰਸ ਦੇ ਲੁਧਿਆਣਾ ਸਥਿਤ ਨਿਵਾਸ ’ਤੇ ਵੀ ਅੱਜ ਈ.ਡੀ. ਦੀ ਟੀਮ ਵਲੋਂ ਦਸਤਕ ਦਿੱਤੀ ਗਈ । ਪੁੱਡਾ ਦੇ ਸਾਬਕਾ ਮੁੱਖ ਪ੍ਰਸ਼ਾਸਕ ਰਜੀਵ ਗੁਪਤਾ ਦੇ ਚੰਡੀਗੜ੍ਹ ਸਥਿਤ ਨਿਵਾਸ ’ਤੇ ਵੀ ਈ.ਡੀ. ਵਲੋਂ ਜਾਂਚਾਂ ਤੇ ਤਲਾਸ਼ੀ ਜਾਰੀ ਹੈ । ਪੰਜਾਬ ਵਿਚ ਵੱਡੇ ਪ੍ਰਾਜੈਕਟਾਂ ਦੀ ਪ੍ਰਵਾਨਗੀ ਲਈ ਬਣੀ ਪਾਵਰ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਮੁੱਖ ਮੰਤਰੀ ਵਲੋਂ ਮਗਰਲੇ ਸਾਲ ਛੱਡ ਦਿੱਤਾ ਗਿਆ ਸੀ ਤੇ ਇਸ ਅਹੁਦੇ ਦੀ ਜ਼ਿੰਮੇਵਾਰੀ ਰਾਜ ਦੇ ਮੁੱਖ ਸਕੱਤਰ ਨੂੰ ਦੇ ਦਿੱਤੀ ਗਈ । ਇਹੋ ਕਮੇਟੀ ਹਾਊਸਿੰਗ ਦੇ ਵੱਡੇ ਪ੍ਰਾਜੈਕਟਾਂ ਨੂੰ ਵੀ ਪ੍ਰਵਾਨਗੀ ਦਿੰਦੀ ਹੈ । ਅੱਜ ਪੰਜਾਬ ਸਿਵਲ ਸਕੱਤਰੇਤ ਵਿਚ ਮੁਲਾਜ਼ਮ ਸਾਰਾ ਦਿਨ ਈ.ਡੀ. ਦੀ ਇਸ ਛਾਪੇਮਾਰੀ ਬਾਰੇ ਚਰਚਾ ਕਰਦੇ ਰਹੇ। ਦਿਲਚਸਪ ਗੱਲ ਇਹ ਹੈ ਕਿ ਸੀਨੀਅਰ ਅਧਿਕਾਰੀਆਂ ਵਿਚ ਕੇਂਦਰੀ ਏਜੰਸੀਆਂ ਦੇ ਰੁਖ਼ ਨੂੰ ਲੈ ਕੇ ਇੰਨਾਂ ਡਰ ਤੇ ਸਹਿਮ ਹੈ ਕਿ ਬਹੁਤ ਸਾਰੇ ਅਧਿਕਾਰੀ ਕੇਂਦਰੀ ਡੈਪੂਟੇਸ਼ਨ ’ਤੇ ਜਾਣ ਦੀ ਇੱਛਾ ਪ੍ਰਗਟ ਕਰ ਰਹੇ ਹਨ ਜਦੋਂ ਕਿ ਪਹਿਲਾਂ ਪੰਜਾਬ ਦੇ ਅਧਿਕਾਰੀ ਕੇਂਦਰ ਵਿਚ ਜਾਣ ਤੋਂ ਕੰਨੀ ਕਤਰਾਉਂਦੇ ਸਨ । ਲੇਕਿਨ ਕਈ ਅਧਿਕਾਰੀ ਦਾ ਕਹਿਣਾ ਹੈ ਕਿ ਕੇਂਦਰੀ ਏਜੰਸੀਆਂ ਦੀਆਂ ਛਾਪੇਮਾਰੀਆਂ ਕਾਰਨ ਅਧਿਕਾਰੀਆਂ ਵਿਚ ਪੈਦਾ ਹੋ ਰਹੇ ਡਰ ਤੇ ਸਹਿਮ ਕਾਰਨ ਰਾਜ ਦੇ ਸਰਕਾਰੀ ਅਦਾਰਿਆਂ ਵਿਚ ਕੰਮ ਠੱਪ ਹੋ ਜਾਣਗੇ ਤੇ ਮੁਹਾਲੀ ਤੇ ਨਿਊ ਚੰਡੀਗੜ੍ਹ ਵਿਖੇ ਵੱਡੇ ਪੱਧਰ ’ਤੇ ਚੱਲ ਰਹੇ ਪ੍ਰਾਜੈਕਟ ’ਤੇ ਵੀ ਕੰਮ ਰੁਕ ਸਕਦਾ ਹੈ ।
ਪਿਛਲੀ ਖ਼ਬਰ ਭਾਈ ਚਾਵਲਾ ਮਾਮਲੇ ਵਿਚ ਬਾਦਲ ਪਰਿਵਾਰ ਦੀ ਚੁੱਪੀ ਕਰ ਰਹੀ ਸਵਾਲ ਖੜ੍ਹੇ-ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਗਲੀ ਖ਼ਬਰ ਪੰਜਾਬ ਸਰਕਾਰ ਜਲਦ ਸ਼ੁਰੂ ਕਰੇਗੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ-ਹਰਪਾਲ ਸਿੰਘ ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।