ਵਾਸ਼ਿੰਗਟਨ, 18 ਅਕਤੂਬਰ (ਪੀ.ਟੀ.ਆਈ.)-ਰੂਸ ’ਤੇ ਪਾਬੰਦੀਆਂ ’ਚ ਛੋਟ ਦੇਣ ਅਤੇ ਭਾਰਤ ਸਮੇਤ ਹੋਰ ਦੇਸ਼ਾਂ ’ਤੇ ਟੈਰਿਫ ਲਗਾਉਣ ਦੇ ਮਾਮਲੇ ’ਚ ਅਮਰੀਕਾ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਇਸ ਦੇ ਜਵਾਬ ’ਚ ਅਮਰੀਕਾ ਨੇ ਐਤਵਾਰ ਨੂੰ ਕਿਹਾ ਕਿ ਇਹ ਛੋਟ ਸਿਰਫ਼ 60 ਦਿਨਾਂ ਲਈ ਦਿੱਤੀ ਗਈ ਹੈ, ਤਾਂ ਜੋ ਇਸ ਫ਼ੈਸਲੇ ਦੇ ਦੁਨੀਆ ਦੀ ਆਰਥਿਕਤਾ ’ਤੇ ਪੈਣ ਵਾਲੇ ਅਸਰਾਂ ਦਾ ਅਧਿਐਨ ਕੀਤਾ ਜਾ ਸਕੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਥੀਆਂ ਮਾਰਕੋ ਰੂਬੀਓ ਤੇ ਸਕਾਟ ਬੇਸੈਂਟ ਨੇ ਕਿਹਾ ਕਿ ਲਿੰਡਸੇ ਗ੍ਰਾਹਮ ਵੱਲੋਂ ਪੇਸ਼ ਕੀਤੇ ਗਏ ਰੂਸ ਅਤੇ ਈਰਾਨ ’ਤੇ ਪਾਬੰਦੀਆਂ ਲਗਾਉਣ ਵਾਲੇ ਕਾਨੂੰਨ ਵਿਚ ਰਾਸ਼ਟਰਪਤੀ ਨੂੰ ਹਾਲਾਤ ਦੀ ਜਾਂਚ ਕਰਨ ਲਈ ਸਮਾਂ ਦੇਣ ਦੀ ਵਿਵਸਥਾ ਹੈ। ਸਕਾਟ ਬੇਸੈਂਟ ਨੇ ਇਕ ਪ੍ਰੈਸ ਮੁਲਾਕਾਤ ਦੌਰਾਨ ਕਿਹਾ ਕਿ ਸ਼ੁੱਕਰਵਾਰ ਨੂੰ ਕੋਈ ਵੀ ਪਾਬੰਦੀ ਖ਼ਤਮ ਨਹੀਂ ਕੀਤੀ ਗਈ।