ਨਵੀਂ ਦਿੱਲੀ, 22 ਅਕਤੂਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਪੂਰੀ ਦੁਨੀਆ ਇਕ ਨਵੀਂ ਵਿਸ਼ਵ ਵਿਵਸਥਾ ਦੀ ਭਾਲ ਕਰ ਰਹੀ ਹੈ, ਉਸ ਸਮੇਂ ਕੁਝ ਲੋਕ ਭਾਰਤ ’ਚ ਅਵਿਵਸਥਾ ਦੇ ਸੁਪਨੇ ਦੇਖ ਰਹੇ ਹਨ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਸਿੱਧਾ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸ੍ਰੀਹਰੀਕੋਟਾ ਤੋਂ ਇਕ ਸਾਲ ਵਿਚ ਇੰਨੇ ਰਾਕੇਟ ਵੀ ਲਾਂਚ ਨਹੀਂ ਹੁੰਦੇ, ਜਿੰਨੀ ਵਾਰ ਕਾਂਗਰਸ ਆਪਣੇ ਨੇਤਾ ਨੂੰ ਲਾਂਚ ਕਰਨ (ਅੱਗੇ ਲਿਆਉਣ) ਦੀ ਅਸਫਲ ਕੋਸ਼ਿਸ਼ ਕਰਦੀ ਹੈ। ਪ੍ਰਧਾਨ ਮੰਤਰੀ ਨੇ ਇਥੇ ਇਕ ਮੀਡਿਆ ਸਮਿਟ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਪਰਿਵਾਰ ਨੂੰ ਅਸਫਲਤਾਵਾਂ ਦੇ ਦਾਗ ਤੋਂ ਬਚਾਉਣ ਲਈ ਕਾਂਗਰਸ ਭਾਰਤ ਦੀਆਂ ਪ੍ਰਾਪਤੀਆਂ ’ਤੇ ਸਵਾਲ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਪੂਰੀ ਦੁਨੀਆ ਵਿਚ ਇੰਨੀ ਉਥਲ-ਪੁਥਲ ਮਚੀ ਹੋਈ ਹੈ, ਤਾਂ ਦੁਨੀਆ ਭਰ ’ਚ ਭਾਰਤ ਦੀ ਪਛਾਣ ਇਕ ਮਜ਼ਬੂਤ ਦੇਸ਼ ਵਜੋਂ ਹੋਣੀ ਚਾਹੀਦੀ ਹੈ ਪਰ ਕੁਝ ਲੋਕ ਭਾਰਤ ਦੀ ਇੱਜ਼ਤ ਨੂੰ ਮਿੱਟੀ ਵਿਚ ਮਿਲਾਉਣ ’ਤੇ ਤੁਲੇ ਹੋਏ ਹਨ। ਇਹ ਲੋਕ ਵਿਦੇਸ਼ਾਂ ’ਚ ਜਾ ਕੇ ਭਾਰਤ ਨੂੰ ਬਦਨਾਮ ਕਰਦੇ ਹਨ ਤੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਭਾਰਤ ਦੇ ਮਾਮਲਿਆਂ ’ਚ ਦਖ਼ਲ ਦੇਣ ਲਈ ਅਪੀਲ ਕਰਦੇ ਹਨ। ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਇਸ ਰਵੱਈਏ ਕਾਰਨ ਸਰਕਾਰ ਦੀ ਇਮਾਨਦਾਰੀ ਨਾਲ ਆਲੋਚਨਾ ਕਰਨ ਵਾਲੇ ਲੋਕਾਂ ਦੀ ਆਵਾਜ਼ ਦੱਬ ਜਾਂਦੀ ਹੈ।