04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਈ.ਡੀ. ਵਲੋਂ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ ’ਤੇ ਦੂਜੇ ਦਿਨ ਵੀ ਜਾਂਚ ਜਾਰੀ ਟੀਮ ਨੇ ਰਿਹਾਇਸ਼ ਦੀ ਕੀਤੀ ਸਖ਼ਤ ਘੇਰਾਬੰਦੀ

ਹੁਸ਼ਿਆਰਪੁਰ, 3 ਨਵੰਬਰ (ਬਲਜਿੰਦਰਪਾਲ ਸਿੰਘ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.)

ਹੁਸ਼ਿਆਰਪੁਰ ਸਥਿਤ ਸੁੰਦਰ ਸ਼ਾਮ ਅਰੋੜਾ ਦੀ ਰਿਹਾਇਸ਼ ਦਾ ਬਾਹਰੀ ਦ੍ਰਿਸ਼। ਤਸਵੀਰ : ਹਮਸ਼ਾਇਨ ਸਟੂਡੀਓ 04-11-2026

ਹੁਸ਼ਿਆਰਪੁਰ, 3 ਨਵੰਬਰ (ਬਲਜਿੰਦਰਪਾਲ ਸਿੰਘ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁੰਦਰ ਸ਼ਾਮ ਅਰੋੜਾ ਦੀ ਹੁਸ਼ਿਆਰਪੁਰ ਸਥਿਤ ਰਿਹਾਇਸ਼ ’ਤੇ ਕੀਤੀ ਜਾ ਰਹੀ ਛਾਪੇਮਾਰੀ ਅੱਜ ਦੂਸਰੇ ਦਿਨ ਵੀ ਜਾਰੀ ਰਹੀ। ਜ਼ਿਕਰਯੋਗ ਹੈ ਕਿ ਸੋਮਵਾਰ ਸਵੇਰੇ ਕਰੀਬ 5 ਵਜੇ ਤੋਂ ਸ਼ੁਰੂ ਹੋਈ ਛਾਪੇਮਾਰੀ 36 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਜਾਰੀ ਰਹਿਣ ਨਾਲ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਈ.ਡੀ. ਦੀ ਟੀਮ ਨੇ ਅਰੋੜਾ ਦੀ ਰਿਹਾਇਸ਼ ਨੂੰ ਆਪਣੇ ਘੇਰੇ ’ਚ ਰੱਖਿਆ ਹੋਇਆ ਹੈ ਅਤੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਰਿਹਾਇਸ਼ ਅੰਦਰ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਇੱਥੋਂ ਤੱਕ ਕਿ ਸੁੰਦਰ ਸ਼ਾਮ ਅਰੋੜਾ ਦੇ ਵਕੀਲ ਐਚ.ਐਸ. ਸੈਣੀ ਵੀ ਉਨ੍ਹਾਂ ਨਾਲ ਮੁਲਾਕਾਤ ਨਹੀਂ ਕਰ ਸਕੇ। ਵਕੀਲ ਐਚ.ਐਸ. ਸੈਣੀ ਨੂੰ ਨਾ ਤਾਂ ਅਰੋੜਾ ਨਾਲ ਮਿਲਣ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਆਗਿਆ ਦਿੱਤੀ ਗਈ। ਉਕਤ ਕਾਰਵਾਈ ਦੌਰਾਨ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਅਤੇ ਈ.ਡੀ. ਦੇ ਅਧਿਕਾਰੀ ਲਗਾਤਾਰ ਰਿਹਾਇਸ਼ ਅੰਦਰ ਜਾਂਚ ’ਚ ਲੱਗੇ ਹੋਏ ਹਨ। ਇੱਥੋਂ ਤੱਕ ਕਿ ਰਿਹਾਇਸ਼ ਦੇ ਬਾਹਰ ਲੋਕਾਂ ਦੀ ਆਵਾਜਾਈ ਨੂੰ ਵੀ ਰੋਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਈ.ਡੀ. ਨੇ ਸੋਮਵਾਰ ਨੂੰ ਚੰਡੀਗੜ੍ਹ, ਮੁਹਾਲੀ ਅਤੇ ਹੁਸ਼ਿਆਰਪੁਰ ’ਚ ਕੁੱਲ 14 ਸਥਾਨਾਂ ’ਤੇ ਇਕਸਾਰ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ ਸੀ। ਹੁਸ਼ਿਆਰਪੁਰ ’ਚ ਇਹ ਕਾਰਵਾਈ ਵਿਜੀਲੈਂਸ ਬਿਊਰੋ ਦੇ ਇਕ ਅਧਿਕਾਰੀ ਨੂੰ ਕਥਿਤ ਤੌਰ ’ਤੇ 1 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੀ ਪੇਸ਼ਕਸ਼ ਕਰਨ ਅਤੇ ਆਮਦਨ ਦੇ ਸਰੋਤਾਂ ਤੋਂ ਵੱਧ ਸੰਪਤੀ ਬਣਾਉਣ ਦੇ ਦੋਸ਼ਾਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਤਹਿਤ ਕੀਤੀ ਜਾ ਰਹੀ ਹੈ। ਫਿਲਹਾਲ ਈ.ਡੀ. ਵਲੋਂ ਜਾਂਚ ਮੁਹਿੰਮ ਦੌਰਾਨ ਕਿਸੇ ਤਰ੍ਹਾਂ ਦੀ ਬਰਾਮਦਗੀ ਜਾਂ ਜ਼ਬਤੀ ਨੂੰ ਲੈ ਕੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਮਾਰਬੇਲਾ ਗ੍ਰੈਂਡ ਦੇ ਦਫ਼ਤਰ ’ਤੇ ਵੀ ਛਾਪੇਮਾਰੀ ਦੋ ਦਿਨਾਂ ਤੋਂ ਜਾਰੀ, ਕੁਝ ਦਸਤਾਵੇਜ਼ ਕੀਤੇ ਜ਼ਬਤ

ਐੱਸ. ਏ. ਐੱਸ. ਨਗਰ, 3 ਨਵੰਬਰ (ਕਪਿਲ ਵਧਵਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਜੁੜੇ ਹਵਾਲਾ ਰਾਸ਼ੀ ਦੇ ਮਾਮਲੇ ਸੰਬੰਧੀ ਸੈਕਟਰ-82 ਸਥਿਤ ਰਿਹਾਇਸ਼ੀ ਪ੍ਰਾਜੈਕਟ ਮਾਰਬੇਲਾ ਗ੍ਰੈਂਡ ਦੇ ਦਫ਼ਤਰ ਵਿਖੇ ਛਾਪੇਮਾਰੀ ਕਰਕੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਦੋ ਦਿਨਾਂ ਤੋਂ ਜਾਰੀ ਇਸ ਕਾਰਵਾਈ ਦੌਰਾਨ ਈ.ਡੀ. ਦੀ ਟੀਮ ਨੇ ਰੀਅਲ ਅਸਟੇਟ ਕਾਰੋਬਾਰ ਨਾਲ ਸੰਬੰਧਿਤ ਦਸਤਾਵੇਜ਼ਾਂ, ਵਿੱਤੀ ਲੈਣ-ਦੇਣ ਅਤੇ ਹੋਰ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਦੌਰਾਨ ਕੁਝ ਰਿਕਾਰਡ ਜ਼ਬਤ ਕੀਤੇ ਜਾਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਈ.ਡੀ. ਦੀ ਟੀਮ ਮਾਰਬੇਲਾ ਗਰੁੱਪ ਨਾਲ ਜੁੜੇ ਕਾਰੋਬਾਰ, ਜ਼ਮੀਨਾਂ ਦੀ ਖਰੀਦ-ਫਰੋਖ਼ਤ, ਪਲਾਟਾਂ ਦੀ ਅਲਾਟਮੈਂਟ ਅਤੇ ਵੱਖ-ਵੱਖ ਕੰਪਨੀਆਂ ਵਿਚਕਾਰ ਹੋਏ ਵਿੱਤੀ ਲੈਣ-ਦੇਣ ਦੀਆਂ ਕੜੀਆਂ ਜੋੜਨ ਵਿਚ ਜੁਟੀ ਹੋਈ ਹੈ। ਜਾਂਚ ਏਜੰਸੀ ਵਲੋਂ ਜਾਇਦਾਦਾਂ ਵਿਚ ਕੀਤੇ ਗਏ ਨਿਵੇਸ਼ ਅਤੇ ਕਾਰੋਬਾਰੀ ਗਤੀਵਿਧੀਆਂ ਨਾਲ ਸਬੰਧਤ ਰਿਕਾਰਡ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਈ.ਡੀ. ਦੀ ਜਾਂਚ ਜਾਰੀ ਰਹੀ।

ਪਿਛਲੀ ਖ਼ਬਰ ਪਾਕਿ ’ਚ 5000 ਤੋਂ ਵੱਧ ਹਿੰਦੂ ਕੁੜੀਆਂ ਦਾ ਧਰਮ ਪਰਿਵਰਤਨ ਕਰਵਾ ਚੁੱਕੇ ਵਿਵਾਦਿਤ ਮੌਲਵੀ ਦਾ ਵਕੀਲਾਂ ਵਲੋਂ ਸਮਰਥਨ ਹਿੰਦ... ਅਗਲੀ ਖ਼ਬਰ ਦਲਜੀਤ ਸਿੰਘ ਦੀ ਮੌਤ ਦੇ ਮਾਮਲੇ ’ਚ ਹਾਈ ਕੋਰਟ ਸਖ਼ਤ, ਪੀ.ਜੀ.ਆਈ. ’ਚ ਪੋਸਟਮਾਰਟਮ ਦੇ ਹੁਕਮ 15 ਘੰਟਿਆਂ ਅੰਦਰ ਪੀ.ਜੀ.ਆਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।