ਰਾਏਗੜ੍ਹ, 15 ਨਵੰਬਰ (ਪੀ.ਟੀ.ਆਈ.)-ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਛੱਤੀਸਗੜ੍ਹ ਨੂੰ ਨਕਸਲਵਾਦ ਤੋਂ ਮੁਕਤ ਕਰਵਾਉਣ ਲਈ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈ ਤੇ ਉਨ੍ਹਾਂ ਦੀ ਸਰਕਾਰ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਵੱਖ-ਵੱਖ ਜਥੇਬੰਦੀਆਂ ਵਿਚ ਅਹਿਮ ਅਹੁਦਿਆਂ ‘ਤੇ ਬੈਠੇ ਕਥਿਤ ‘ਦਿਮਾਗੀ ਨਕਸਲੀਆਂ’ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਉਣ ਵਾਲੇ ਦਿਨਾਂ ਵਿਚ ਆਪਣੇ ਵਿਕਾਸ ਕਾਰਜਾਂ ਤੇ ਲੋਕ ਭਲਾਈ ਸਕੀਮਾਂ ਰਾਹੀਂ ਅਜਿਹੇ ਅਨਸਰਾਂ ਨੂੰ ਸਬਕ ਸਿਖਾਏਗੀ। ਉਹ ਅੱਜ ਛੱਤੀਸਗੜ੍ਹ ਦੇ ਧਰਮਜੈਗੜ੍ਹ ਵਿਖੇ ਜਨਜਾਤੀ ਗੌਰਵ ਦਿਵਸ ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰ ਰਹੇ ਸਨ। ਆਦਿਵਾਸੀ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਦੇ ਜਨਮ ਦਿਵਸ ਮੌਕੇ ਕਰਵਾਏ ਗਏ ਇਸ ਸਮਾਗਮ ਵਿਚ ਨਬੀਨ ਨੇ ਖ਼ਰਾਬ ਮੌਸਮ ਕਾਰਨ ਆਪਣੀ ਹਾਜ਼ਰੀ ਰੱਦ ਕਰ ਦਿੱਤੀ ਸੀ, ਕਿਉਂਕਿ ਉਨ੍ਹਾਂ ਦਾ ਜਹਾਜ਼ ਉੱਥੇ ਨਹੀਂ ਉਤਰ ਸਕਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚੋਂ ਨਕਸਲਵਾਦ ਖ਼ਤਮ ਕਰਨ ਦਾ ਸੰਕਲਪ ਲਿਆ ਸੀ, ਜਿਸ ਨੂੰ ਕੇਂਦਰ ਤੇ ਸੂਬਾ ਸਰਕਾਰ ਨੇ ਮਿਲ ਕੇ ਪੂਰਾ ਕੀਤਾ ਹੈ। ਉਨ੍ਹਾਂ ਨਕਸਲਵਾਦ ਵਿਰੁੱਧ ਲੜਾਈ ਦੌਰਾਨ ਸ਼ਹੀਦ ਹੋਏ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਨਬੀਨ ਨੇ ਦੋਸ਼ ਲਾਇਆ ਕਿ ਹਥਿਆਰਬੰਦ ਨਕਸਲੀ ਜੰਗਲਾਂ ’ਚੋਂ ਤਾਂ ਖ਼ਤਮ ਹੋ ਗਏ ਹਨ, ਪਰ ਕੁਝ ‘ਦਿਮਾਗੀ ਨਕਸਲੀ’ ਅਜੇ ਵੀ ਵੱਖ-ਵੱਖ ਜਥੇਬੰਦੀਆਂ ’ਚ ਆਗੂ ਵਜੋਂ ਸਰਗਰਮ ਹਨ।