ਗੁਰੂ ਰਵਿਦਾਸ ਜੀ ਦੇ 650 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਬਠਿੰਡਾ - ਖੁਰਾਲਗੜ੍ਹ ਸ਼ੋਭਾ ਯਾਤਰਾ ਕੱਲ੍ਹ ਤੋਂ
ਚੰਡੀਗੜ੍ਹ, 29 ਨਵੰਬਰ (ਅਜੀਤ ਬਿਊਰੋ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ 1 ਤੋਂ 3 ਦਸੰਬਰ, 2026 ਤੱਕ ਬਠਿੰਡਾ ਤੋਂ ਖੁਰਾਲਗੜ੍ਹ ਸਾਹਿਬ ਤੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ। ਲਗਭਗ 400 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੀ ਇਸ ਤਿੰਨ ਰੋਜ਼ਾ ਯਾਤਰਾ ਦੀ ਅਗਵਾਈ ਸੰਤ ਨਿਰਮਲ ਦਾਸ ਜੀ ਕਰਨਗੇ, ਜੋਕਿ 16 ਪ੍ਰਮੁੱਖ ਸਥਾਨਾਂ ਤੋਂ ਹੋ ਕੇ ਗੁਜ਼ਰੇਗੀ ।
ਚੰਡੀਗੜ੍ਹ, 29 ਨਵੰਬਰ (ਅਜੀਤ ਬਿਊਰੋ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ 1 ਤੋਂ 3 ਦਸੰਬਰ, 2026 ਤੱਕ ਬਠਿੰਡਾ ਤੋਂ ਖੁਰਾਲਗੜ੍ਹ ਸਾਹਿਬ ਤੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ। ਲਗਭਗ 400 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੀ ਇਸ ਤਿੰਨ ਰੋਜ਼ਾ ਯਾਤਰਾ ਦੀ ਅਗਵਾਈ ਸੰਤ ਨਿਰਮਲ ਦਾਸ ਜੀ ਕਰਨਗੇ, ਜੋਕਿ 16 ਪ੍ਰਮੁੱਖ ਸਥਾਨਾਂ ਤੋਂ ਹੋ ਕੇ ਗੁਜ਼ਰੇਗੀ । ਇਸ ਦਾ ਮੁੱਖ ਉਦੇਸ਼ ਗੁਰੂ ਰਵਿਦਾਸ ਜੀ ਦੇ ਬਰਾਬਰੀ, ਦਇਆ, ਸਮਾਜਿਕ ਨਿਆਂ ਤੇ ਬੇਗ਼ਮਪੁਰਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ । 1 ਦਸੰਬਰ ਨੂੰ ਬਠਿੰਡਾ ਤੋਂ ਯਾਤਰਾ ਦੀ ਰਸਮੀ ਸ਼ੁਰੂਆਤ ਸਮਾਜਿਕ ਨਿਆਂ ਮੰਤਰੀ ਡਾ. ਬਲਜੀਤ ਕੌਰ ਦੀ ਹਾਜ਼ਰੀ ਵਿਚ ਹੋਵੇਗੀ । ਇਸ ਮੌਕੇ ਗੁਰਬਾਣੀ ਕੀਰਤਨ ਤੇ ਫੁੱਲਾਂ ਦੀ ਵਰਖਾ ਨਾਲ ਸੰਗਤਾਂ ਵਲੋਂ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ । ਯਾਤਰਾ ਦਾ ਪਹਿਲਾ ਪ੍ਰਮੁੱਖ ਠਹਿਰਾਅ ਲਹਿਰਾਗਾਗਾ ਹੋਵੇਗਾ, ਜਿਥੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ, ਬਰਿੰਦਰ ਕੁਮਾਰ ਗੋਇਲ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਸਵਾਗਤ ਕਰਨਗੇ । ਦੂਜੇ ਠਹਿਰਾਅ ਪਟਿਆਲਾ ਵਿਖੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸ਼ਰਧਾਲੂਆਂ ਨਾਲ ਮਿਲ ਕੇ ਯਾਤਰਾ ਦਾ ਸਵਾਗਤ ਕਰਨਗੇ । ਸ਼ੋਭਾ ਯਾਤਰਾ ਬਠਿੰਡਾ ਤੋਂ ਰਾਮਪੁਰਾ ਫੂਲ, ਬਰਨਾਲਾ, ਧੂਰੀ, ਸੰਗਰੂਰ, ਸੁਨਾਮ ਅਤੇ ਲਹਿਰਾਗਾਗਾ ਹੁੰਦੀ ਹੋਈ ਦਿੜ੍ਹਬਾ, ਭਵਾਨੀਗੜ੍ਹ ਤੇ ਪਟਿਆਲਾ ਪਹੁੰਚੇਗੀ । ਇਸ ਤੋਂ ਬਾਅਦ ਫ਼ਤਹਿਗੜ੍ਹ ਸਾਹਿਬ, ਮੋਰਿੰਡਾ, ਰੂਪਨਗਰ ਬਾਈਪਾਸ, ਬਲਾਚੌਰ ਤੇ ਗੜ੍ਹਸ਼ੰਕਰ ਰਾਹੀਂ 3 ਦਸੰਬਰ ਨੂੰ ਖੁਰਾਲਗੜ੍ਹ ਸਾਹਿਬ ਵਿਖੇ ਸਮਾਪਤ ਹੋਵੇਗੀ ।ਇਸ ਮੌਕੇ ਵਾਰਾਣਸੀ, ਫ਼ਰੀਦਕੋਟ ਤੇ ਜੰਮੂ ਤੋਂ ਆਉਣ ਵਾਲੀਆਂ ਤਿੰਨ ਹੋਰ ਸ਼ੋਭਾ ਯਾਤਰਾਵਾਂ ਵੀ ਖੁਰਾਲਗੜ੍ਹ ਸਾਹਿਬ ਵਿਖੇ ਇਸ ਯਾਤਰਾ ਨਾਲ ਮਿਲਣਗੀਆਂ । ਚਾਰੇ ਯਾਤਰਾਵਾਂ ਦਾ ਸੰਗਮ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦਾ ਆਗਾਜ਼ ਕਰੇਗਾ । 4 ਤੋਂ 6 ਦਸੰਬਰ ਤੱਕ ਖੁਰਾਲਗੜ੍ਹ ਸਾਹਿਬ ਵਿਖੇ ਤਿੰਨ ਰੋਜ਼ਾ ਰਾਜ ਪੱਧਰੀ ਸਮਾਗਮ ਕਰਵਾਏ ਜਾਣਗੇ, ਜਿਨ੍ਹਾਂ ਵਿਚ ਸ੍ਰੀ ਅਖੰਡ ਪਾਠ ਸਾਹਿਬ, ਸੰਤ ਸੰਮੇਲਨ, ਕਥਾ-ਕੀਰਤਨ ਦਰਬਾਰ, ਪ੍ਰਦਰਸ਼ਨੀਆਂ ਅਤੇ ਬੇਗ਼ਮਪੁਰਾ ਸਮਾਗਮ ਮੁੱਖ ਖਿੱਚ ਦਾ ਕੇਂਦਰ ਹੋਣਗੇ । ਪੰਜਾਬ ਸਰਕਾਰ ਨੇ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।