ਮੋਗਾ, 14 ਫਰਵਰੀ (ਅਸ਼ੋਕ ਬਾਂਸਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਂ ਸ਼ਿਵਰਾਤਰੀ ਸ਼ਿਵ ਸ਼ਕਤੀ ਧਾਮ ਤਲਵੰਡੀ ਭੰਗੇਰੀਆ ਵਿਖੇ 15 ਫਰਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ | ਇਸ ਸਬੰਧੀ ਸ਼ਿਵ ਸ਼ਕਤੀ ਧਾਮ ਦੇ ਸੰਸਥਾਪਕ ਸ਼ਿਵਕਰਨ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 9 ਵਜੇ ਸਭ ਤੋਂ ਪਹਿਲਾਂ ਸ਼ਿਵ ਪੂਜਾ ਅਤੇ ਹਵਨ ਕੀਤਾ ਜਾਵੇਗਾ | ਉਸ ਤੋਂ ਬਾਅਦ ਪੰਜਾਬ ਦੇ ਪ੍ਰਸਿੱਧ ਕਲਾਕਾਰ ਬਾਈ ਭੋਲਾ ਯਮਲਾ ਲੁਧਿਆਣਾ, ਗਾਇਕ ਪੰਮਾ ਸ਼ਾਇਰ, ਬੀਬੀ ਸੰਧਿਆ ਗਰਗ, ਰਵਿੰਦਰ ਦੁਸਾਂਝ, ਪੱਪੂ ਪਟਾਕਾ ਲੁਧਿਆਣਾ, ਮੁਕੇਸ਼ ਆਲਮ ਟੀ ਸੀਰੀਜ਼ ਕਲਾਕਾਰ, ਗਾਇਕ ਕਮਲ ਸ਼ਰਮਾ ਭਗਵਾਨ ਸ਼ਿਵ ਦਾ ਗੁਣਗਾਨ ਕਰਨਗੇ | ਇਸ ਮੌਕੇ ਸਟੇਜ ਸੰਚਾਲਨ ਇੰਦਰਜੀਤ ਰਾਹੀ ਕਰਨਗੇ | ਇਸ ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਮੋਗਾ, ਮੇਅਰ ਪ੍ਰਵੀਨ ਸ਼ਰਮਾ ਹੋਣਗੇ | ਇਸ ਮੌਕੇ ਗੁਰਪ੍ਰੀਤ ਸਿੰਘ, ਜਸ਼ਨਦੀਪ ਸ਼ਰਮਾ ਤੇ ਕਮੇਟੀ ਮੈਂਬਰ ਹਾਜ਼ਰ ਸਨ |