ਮੋਗਾ, 14 ਫਰਵਰੀ (ਸੁਰਿੰਦਰਪਾਲ ਸਿੰਘ)-ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਧਿਰ ਵਲੋਂ ਆਪਣੀ ਸਹੂਲਤ ਅਨੁਸਾਰ ਵਾਰਡਬੰਦੀ ਕਰਵਾਏ ਜਾਣ ਦੇ ਮਾਮਲੇ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਜਰਨੈਲ ਸਿੰਘ ਦੁੱਨੇਕੇ ਸਾਬਕਾ ਡਿਪਟੀ ਮੇਅਰ ਮੋਗਾ ਨੇ ਕਿਹਾ ਕਿ ਸਿਰਫ਼ ਵਾਰਡਬੰਦੀ ਕਰਵਾ ਕੇ ਕੋਈ ਵੀ ਪਾਰਟੀ ਚੋਣਾਂ ਨਹੀਂ ਜਿੱਤ ਸਕਦੀ | ਉਨ੍ਹਾਂ ਕਿਹਾ ਕਿ ਲੋਕ ਹੁਣ ਕਾਫ਼ੀ ਸੁਚੇਤ ਹੋ ਚੁੱਕੇ ਹਨ ਅਤੇ ਉਹ ਸਿਰਫ਼ ਜ਼ਮੀਨੀ ਪੱਧਰ 'ਤੇ ਹੋ ਰਹੇ ਵਿਕਾਸ ਕਾਰਜਾਂ ਅਤੇ ਲੋਕ-ਹਿਤ ਕੰਮਾਂ 'ਤੇ ਹੀ ਵਿਸ਼ਵਾਸ ਕਰਦੇ ਹਨ | ਜਰਨੈਲ ਸਿੰਘ ਦੁੱਨੇਕੇ ਨੇ ਕਿਹਾ ਕਿ ਜੇਕਰ ਕੋਈ ਸਰਕਾਰ ਜਾਂ ਨੁਮਾਇੰਦਾ ਆਪਣੇ ਕਾਰਜਕਾਲ ਦੌਰਾਨ ਇਨ੍ਹਾਂ ਮੁਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਤਾਂ ਲੋਕ ਉਸ ਨੂੰ ਮੁੜ ਮੌਕਾ ਦਿੰਦੇ ਹਨ | ਉਨ੍ਹਾਂ ਆਖਿਆ ਕਿ ਵਾਰਡਬੰਦੀ ਇਕ ਪ੍ਰਸ਼ਾਸਕੀ ਪ੍ਰਕਿਰਿਆ ਹੈ, ਪਰ ਇਸ ਨੂੰ ਸਿਆਸੀ ਲਾਭ ਲਈ ਵਰਤਣਾ ਲੋਕਤੰਤਰ ਦੀ ਆਤਮਾ ਦੇ ਬਿਲਕੁਲ ਵਿਰੁੱਧ ਹੈ | ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੌਜੂਦਾ ਸਰਕਾਰ ਆਪਣੇ ਕਾਰਜਕਾਲ ਦੌਰਾਨ ਹਰ ਪੱਧਰ 'ਤੇ ਫ਼ੇਲ੍ਹ ਸਾਬਤ ਹੋਈ ਹੈ ਅਤੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ |