ਮੋਗਾ, 15 ਫਰਵਰੀ (ਬਾਂਸਲ)-ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਜਗਰਾਜ ਸਿੰਘ ਦੱਦਾਹੂਰ, ਬਲਜਿੰਦਰ ਸਿੰਘ ਸ਼ੰਭੂ ਨੇ ਅੱਜ ਪਿੰਡ ਡਾਲਾ ਵਿਖੇ ਜਥੇਬੰਦੀ ਦੀ ਮੀਟਿੰਗ ਵਿਚ ਜਿੱਥੇ ਜਥੇਬੰਦੀ ਦੇ ਆਉਣ ਵਾਲੇ ਪ੍ਰੋਗਰਾਮ ਬਾਰੇ ਲੋਕਾਂ ਨੂੰ ਜਾਣੰੂ ਕਰਵਾਇਆ, ਉੱਥੇ ਦੱਸਿਆ ਕਿ 16 ਫਰਵਰੀ ਨੂੰ ਆਮ ਆਦਮੀ ਪਾਰਟੀ ਵਲੋਂ ਕਿਲੀ ਚਾਹਲਾਂ (ਮੋਗਾ) ਵਿਖੇ ਜੋ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ, ਉਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਆਗੂ ਆ ਰਹੇ ਹਨ, ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰਨ ਵਾਲੇ ਮੁੱਖ ਮੰਤਰੀ ਤੇ ਉਸ ਦੇ ਜੋਟੀਦਾਰਾਂ ਦਾ ਕਿਸਾਨ ਮਜ਼ਦੂਰ ਮੋਰਚੇ ਵਲੋਂ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਵਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ ਤੇ ਸਵਾਲ ਪੁੱਛੇ ਜਾਣਗੇ, ਇਹ ਐਕਸ਼ਨ ਪੂਰਨ ਰੂਪ ਵਿਚ ਸ਼ਾਂਤਮਈ ਹੋਵੇਗਾ | ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸ਼ੰਭੂ ਖਨੌਰੀ ਬਾਰਡਰਾਂ 'ਤੇ ਹੋਏ ਨੁਕਸਾਨ 3 ਕਰੋੜ 77 ਲੱਖ ਰੁਪਏ ਦੀ ਭਰਪਾਈ ਕੀਤੀ ਜਾਵੇ, ਬਿਜਲੀ ਸੋਧ, ਬੀਜ ਐਕਟ, ਭੂਮੀ ਰਿਜ਼ਰਵੇਸ਼ਨ ਪੰਜਾਬ ਵਿਚ ਲਾਗੂ ਨਾ ਕੀਤੀ ਜਾਵੇ, ਕੇਂਦਰ ਸਰਕਾਰ ਵਲੋਂ ਅਮਰੀਕਾ ਨਾਲ ਕੀਤੀ ਜਾ ਰਹੀ ਵਪਾਰਕ ਸੰਧੀ ਦਾ ਪੰਜਾਬ ਸਰਕਾਰ ਵਿਰੋਧ ਕਰੇ ਤੇ ਸ਼ੰਭੂ ਖਨੌਰੀ ਮੋਰਚੇ ਦੇ ਸ਼ਹੀਦਾਂ ਤੇ ਜ਼ਖ਼ਮੀਆਂ ਦਾ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਪ੍ਰਦੀਪ ਸਿੰਘ, ਭਜਨ ਸਿੰਘ, ਹਰਸ਼ਦੀਪ ਸਿੰਘ, ਗਗਨਦੀਪ ਸਿੰਘ, ਜੁਗਿੰਦਰ ਸਿੰਘ, ਸੁਖਜੀਤ ਕੌਰ ਤੇ ਵੱਡੀ ਗਿਣਤੀ ਵਿਚ ਯੂਨੀਅਨ ਦੇ ਮੈਂਬਰ ਹਾਜ਼ਰ ਸਨ |