ਬਾਘਾ ਪੁਰਾਣਾ, 19 ਫਰਵਰੀ (ਟਿੰਕੂ ਕਾਠਪਾਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੂਬੇ ਅੰਦਰ ਚਲਾਈ ਜਾ ਰਹੀ 'ਪੰਜਾਬ ਬਚਾਓ' ਮੁਹਿੰਮ ਦੇ ਤਹਿਤ ਵੱਖ-ਵੱਖ ਹਲਕਿਆਂ ਵਿਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ | ਇਸੇ ਲੜੀ ਅਧੀਨ 12 ਮਾਰਚ ਨੂੰ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਵਿਖੇ ਵੀ 'ਪੰਜਾਬ ਬਚਾਓ' ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੀ ਅਗਵਾਈ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਕਰਨਗੇ | ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਸਕੱਤਰ ਅਤੇ ਪੰਜਾਬ ਵਰਕਿੰਗ ਕਮੇਟੀ ਦੇ ਮੈਂਬਰ ਪ੍ਰਧਾਨ ਬਾਲ ਕਿ੍ਸ਼ਨ ਗਰਗ ਬਾਲੀ ਨੇ ਸਾਂਝੀ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ 'ਪੰਜਾਬ ਬਚਾਓ' ਰੈਲੀ ਨੂੰ ਲੈ ਕੇ ਪਾਰਟੀ ਆਗੂਆਂ, ਵਰਕਰਾਂ ਅਤੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਹਲਕੇ ਵਿਚ ਹਰ ਪਿੰਡ, ਹਰ ਵਾਰਡ ਅਤੇ ਹਰ ਘਰ ਤੱਕ ਪਹੁੰਚ ਕਰਕੇ ਲੋਕਾਂ ਨੂੰ ਰੈਲੀ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਅਗਾਹ ਕੀਤਾ ਜਾ ਰਿਹਾ ਹੈ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ 12 ਮਾਰਚ ਦੀ ਰੈਲੀ ਵਿਚ ਹੋਣ ਵਾਲਾ ਭਾਰੀ ਇਕੱਠ ਜਥੇਦਾਰ ਤੀਰਥ ਸਿੰਘ ਮਾਹਲਾ ਦੀ ਲੋਕਪਿ੍ਯਤਾ ਨੂੰ ਸਾਬਤ ਕਰੇਗਾ ਅਤੇ ਆਉਣ ਵਾਲੀਆਂ ਚੋਣਾਂ ਵਿਚ ਉਨ੍ਹਾਂ ਦੀ ਜਿੱਤ 'ਤੇ ਮੋਹਰ ਲਗਾਏਗਾ |