ਮੋਗਾ, 19 ਫਰਵਰੀ (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਇਲਾਕੇ ਦੀ ਇਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜਿਸ ਦੇ ਵਿਦਿਆਰਥੀ ਹਰ ਖੇਤਰ ਵਿਚ ਮੋਹਰੀ ਹਨ | ਜਿੱਥੇ ਇਹ ਵਿੱਦਿਅਕ ਖੇਤਰ ਦੇ ਚਮਕਦੇ ਸਿਤਾਰੇ ਹਨ, ਉੱਥੇ ਇਹ ਖੇਡ ਜਗਤ ਵਿਚ ਵੀ ਧਰੂ-ਤਾਰੇ ਵਾਂਗ ਚਮਕਦੇ ਹਨ | ਪਿਛਲੇ ਦਿਨੀਂ ਪੰਜਾਬ ਸਕੂਲ ਪ੍ਰਾਇਮਰੀ ਖੇਡਾਂ ਅੰਡਰ-11 ਫੁੱਟਬਾਲ ਦੇ ਰਾਜ-ਪੱਧਰ ਦੇ ਮੁਕਾਬਲੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨਾਰੰਗਵਾਲ ਵਿਖੇ ਕਰਵਾਏ ਗਏ | ਇਨ੍ਹਾਂ ਖੇਡ ਮੁਕਾਬਲਿਆਂ ਵਿਚ ਬਠਿੰਡਾ ਜ਼ੋਨ ਦੀ ਟੀਮ ਨੇ ਸੈਮੀਫਾਈਨਲ ਵਿਚ ਲੁਧਿਆਣਾ ਦੀ ਟੀਮ ਨੂੰ ਹਰਾ ਕੇ ਅਤੇ ਫਾਈਨਲ ਵਿਚ ਪਟਿਆਲਾ ਦੀ ਟੀਮ ਨੂੰ ਮਾਤ ਦੇ ਕੇ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ ਅਤੇ ਰਾਜ ਪੱਧਰ ਜੇਤੂ ਹੋਣ ਦਾ ਮਾਣ ਆਪਣੀ ਝੋਲੀ ਪਾਇਆ | ਇਹ ਬੜੇ ਮਾਣ ਵਾਲੀ ਗੱਲ ਹੈ ਕਿ ਆਕਸਫੋਰਡ ਸੰਸਥਾ ਦਾ ਪੰਜਵੀਂ ਜਮਾਤ ਦਾ ਵਿਦਿਆਰਥੀ ਸੁਖਬੀਰ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਡੋਡ ਵੀ ਇਸ ਟੀਮ ਦਾ ਮੁੱਖ ਖਿਡਾਰੀ ਸੀ | ਬਠਿੰਡਾ ਜ਼ੋਨ ਵਲੋਂ ਖੇਡੇ ਸੁਖਬੀਰ ਸਿੰਘ ਨੇ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਵੀ ਆਪਣੀ ਖੇਡ ਕਲਾ ਦਾ ਲੋਹਾ ਮਨਵਾਇਆ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਸੁਖਬੀਰ ਸਿੰਘ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ | ਪਿ੍ੰਸੀਪਲ ਨੇ ਕਿਹਾ ਕਿ ਸਕੂਲ ਦੇ ਫੁੱਟਬਾਲ ਕੋਚ ਵੀ ਇਸ ਵਧਾਈ ਦੇ ਹੱਕਦਾਰ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਹਰ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਖੇਡਾਂ ਪੜ੍ਹਾਈ ਤੋਂ ਥੱਕੇ ਦਿਮਾਗ਼ ਨੂੰ ਤਾਜ਼ਗੀ ਬਖ਼ਸ਼ਦੀਆਂ ਹਨ, ਜਿਸ ਕਰ ਕੇ ਪੜ੍ਹਾਈ ਵਿਚ ਵਧੇਰੇ ਲਗਨ ਵਧਦੀ ਹੈ | ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਵਾਈਸ ਚੇਅਰਮੈਨ, ਗੁਰਮੀਤ ਸਿੰਘ ਸਰਪੰਚ ਵਿੱਤ ਸਕੱਤਰ ਨੇ ਵੀ ਬਠਿੰਡਾ ਜ਼ੋਨ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ | ਇਸ ਸਮੇਂ ਸਕੂਲ ਦੇ ਸਾਰੇ ਅਧਿਆਪਕ ਅਤੇ ਕੋਆਰਡੀਨੇਟਰ ਮੌਜੂਦ ਸਨ |