ਮੋਗਾ, 28 ਫਰਵਰੀ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਅਰਵਿੰਦ ਕੇਜਰੀਵਾਲ ਦੀ ਅਦਾਲਤੀ ਰਾਹਤ ਤੇ ਗੁਰਦਾਸਪੁਰ 'ਚ ਹੋਏ ਰਣਜੀਤ ਸਿੰਘ ਦੇ ਪੁਲਿਸ ਮੁਕਾਬਲੇ ਨੂੰ ਆਪਸ ਵਿਚ ਜੋੜਦਿਆਂ ਪੰਜਾਬ ਦੀ 'ਆਪ' ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ | ਉਨ੍ਹਾਂ ਨੇ ਇਸ ਨੂੰ ਦੋਹਰੇ ਮਾਪਦੰਡ ਕਰਾਰ ਦਿੰਦਿਆਂ ਪੰਜਾਬੀਆਂ ਲਈ ਵੀ ਅਜਿਹੀ ਹੀ ਰਾਹਤ ਤੇ ਇਨਸਾਫ਼ ਦੀ ਮੰਗ ਕੀਤੀ ਹੈ | ਪੀਰ ਮੁਹੰਮਦ ਨੇ ਗੁਰਦਾਸਪੁਰ ਦੇ ਅਧਿਆਨ ਪਿੰਡ ਦੇ 19 ਸਾਲਾਂ ਨੌਜਵਾਨ ਰਣਜੀਤ ਸਿੰਘ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਵਰਗੇ ਸ਼ਕਤੀਸ਼ਾਲੀ ਆਗੂ ਨੂੰ ਅਦਾਲਤ ਵਿਚ ਆਪਣੀ ਬੇਗੁਨਾਹੀ ਸਾਬਤ ਕਰਨ ਦਾ ਮੌਕਾ ਮਿਲ ਸਕਦਾ ਹੈ, ਤਾਂ ਰਣਜੀਤ ਸਿੰਘ ਵਰਗੇ ਨੌਜਵਾਨ ਨੂੰ ਅਦਾਲਤੀ ਟਰਾਇਲ ਦਾ ਮੌਕਾ ਕਿਉਂ ਨਹੀਂ ਦਿੱਤਾ ਗਿਆ | ਉਨ੍ਹਾਂ ਸਵਾਲ ਕੀਤਾ ਕਿ ਕੀ ਰਾਹਤ ਸਿਰਫ਼ ਵੱਡੇ ਸਿਆਸਤਦਾਨਾਂ ਲਈ ਹੈ, ਕੀ ਪੰਜਾਬ ਦੇ ਆਮ ਨੌਜਵਾਨਾਂ ਦੀ ਜਾਨ ਦੀ ਕੋਈ ਕੀਮਤ ਨਹੀਂ | ਉਨ੍ਹਾਂ ਦੋਸ਼ ਲਾਇਆ ਕਿ ਰਣਜੀਤ ਸਿੰਘ ਨੂੰ ਪਹਿਲਾਂ ਘਰੋਂ ਚੁੱਕਿਆ ਗਿਆ ਅਤੇ ਫਿਰ ਉਸ ਦਾ ਫ਼ਰਜ਼ੀ ਮੁਕਾਬਲਾ ਬਣਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ |