ਸਮਾਲਸਰ, 28 ਫਰਵਰੀ (ਗੁਰਜੰਟ ਕਲਸੀ ਲੰਡੇ)-ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ ਅਸੀਸ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਈਟ ਮੋਗਾ ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲੇ ਦਾ ਆਯੋਜਨ ਕੀਤਾ | ਇਸ ਮੌਕੇ ਪਿ੍ੰਸੀਪਲ ਮੈਡਮ ਮਨਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ ਮੋਗਾ ਤੇ ਸਮੂਹ ਵਾਤਾਵਰਨ ਨਾਲ ਸਬੰਧਿਤ ਟੀਮ ਮੈਂਬਰ ਸ਼ਾਮਿਲ ਸਨ | ਮੁਕਾਬਲੇ 'ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੋਡੇ ਦੀਆਂ ਵਿਦਿਆਰਥਣਾਂ ਨੇ ਮਿਡਲ ਪੱਧਰ 'ਤੇ ਨਿਸ਼ੂ ਨੇ ਵੇਸਟ ਮੈਟੀਰੀਅਲ ਦੀ ਵਰਤੋਂ, ਕਰਮਜੀਤ ਕੌਰ ਨੇ ਪੋਸਟਰ ਮੇਕਿੰਗ ਅਤੇ ਹਾਈ ਪੱਧਰ ਤੇ ਜਸ਼ਨਪ੍ਰੀਤ ਕੌਰ ਨੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਭਾਗ ਲਿਆ | ਇਨ੍ਹਾਂ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਕਲਾ ਤੇ ਰਚਨਾਤਮਿਕਤਾ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਨੇ ਵਾਤਾਵਰਨ ਦੀ ਸੰਭਾਲ, ਪ੍ਰਦੂਸ਼ਣ ਰੋਕਥਾਮ ਤੇ ਰੁੱਖ ਲਗਾਉਣ ਜਿਹੇ ਵਿਸ਼ਿਆਂ 'ਤੇ ਸੁੰਦਰ ਅਤੇ ਪ੍ਰਭਾਵਸ਼ਾਲੀ ਪੋਸਟਰ ਤਿਆਰ ਕੀਤੇ | ਹਾਈ ਪੱਧਰ 'ਤੇ ਜਸ਼ਨਪ੍ਰੀਤ ਕੌਰ ਨੇ ਪੋਸਟਰ ਮੁਕਾਬਲੇ 'ਚ ਜ਼ਿਲ੍ਹਾ ਪੱਧਰ 'ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਪ੍ਰਬੰਧਕੀ ਮੰਡਲ ਵਲੋਂ ਵਿਦਿਆਰਥੀਆਂ ਦੇ ਕੰਮ ਦੀ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੂੰ ਇਨਾਮਾਂ ਤੇ ਪ੍ਰਮਾਣ ਪੱਤਰਾਂ ਨਾਲ ਸਨਮਾਨਿਤ ਕੀਤਾ | ਇਸ ਉਪਲਬਧੀ ਨਾਲ ਸਕੂਲ ਦਾ ਨਾਂਅ ਰੌਸ਼ਨ ਹੋਇਆ ਤੇ ਹੋਰ ਵਿਦਿਆਰਥੀਆਂ ਨੂੰ ਵੀ ਪੇ੍ਰਰਨਾ ਮਿਲੀ | ਇਹ ਮੁਕਾਬਲਾ ਵਿਦਿਆਰਥੀਆਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ 'ਚ ਸਫਲ ਸਾਬਤ ਹੋਇਆ |