ਮੋਗਾ, 30 ਮਾਰਚ (ਸੁਰਿੰਦਰਪਾਲ ਸਿੰਘ)-ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਪ੍ਰੈੱਸ ਸੈਕਟਰੀ ਭਾਈ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਤਲਵੰਡੀ ਭੰਗੇਰੀਆ ਜਥੇਦਾਰ ਕਰੋੜ ਸਿੰਘ ਦੇ ਗ੍ਰਹਿ ਵਿਖੇ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ 1 ਅਪ੍ਰੈਲ ਦਿਨ ਬੁੱਧਵਾਰ ਨੂੰ ਮਹੀਨਾਵਾਰ ਮੀਟਿੰਗ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਕੀਤੀ ਜਾਵੇਗੀ, ਜਿਸ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਜ਼ਿਲ੍ਹਾ ਪੱਧਰੀ ਪ੍ਰੋਗਰਾਮਾਂ ਬਾਰੇ ਅਹਿਮ ਫ਼ੈਸਲਾ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਬੀਤੇ ਲੰਮੇ ਸਮੇਂ ਤੋਂ ਪੰਜਾਬ 'ਤੇ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਪੰਥ ਅਤੇ ਪੰਜਾਬ ਦਾ ਬੇੜਾ ਗ਼ਰਕ ਕਰਨ ਵਿਚ ਕੋਈ ਕਸਰ ਨਹੀਂ ਛੱਡੀ | ਪੰਜਾਬ ਨੂੰ ਕਰਜ਼ਾਈ ਕਰ ਦਿੱਤਾ, ਨੌਜਵਾਨਾਂ ਨੂੰ ਪੰਜਾਬ ਛੱਡਣ ਲਈ ਮਜਬੂਰ ਕਰ ਦਿੱਤਾ | ਜਿਹੜੇ ਇੱਥੇ ਰਹਿ ਗਏ ਉਹ ਬੇਰੁਜ਼ਗਾਰੀ ਨਾਲ ਲੜ ਰਹੇ ਹਨ ਜਾਂ ਨਸ਼ਿਆਂ ਦੀ ਦਲਦਲ 'ਚ ਫਸ ਚੁੱਕੇ ਹਨ | ਇਹ ਸਭ ਗੱਲਾਂ ਪੰਜਾਬ ਦੇ ਮਾੜੇ ਦੌਰ ਦੀ ਨਿਸ਼ਾਨੀ ਬਣ ਕੇ ਉੱਭਰ ਰਹੀਆਂ ਹਨ | ਅਸੀਂ ਇਹ ਸਭ ਨਾ ਬਰਦਾਸ਼ਤ ਕਰਦੇ ਹੋਏ ਪੰਜਾਬ ਦੇ ਸਿਆਣੇ ਅਤੇ ਇਮਾਨਦਾਰ ਲੋਕਾਂ ਨੂੰ ਅੱਗੇ ਲਿਆ ਕੇ ਪੰਜਾਬ ਵਿਚ ਉੱਚੀ ਅਤੇ ਸੁੱਚੀ ਸੋਚ ਦਾ ਬਦਲਾਅ ਲੈ ਕੇ ਆਵਾਂਗੇ | ਇਸ ਸਭ ਦੀ ਸ਼ੁਰੂਆਤ ਅਸੀਂ ਪੰਜਾਬ ਦੇ ਕੇਂਦਰ 'ਚ ਪੈਂਦੇ ਮੋਗਾ ਜ਼ਿਲ੍ਹੇ ਤੋਂ ਕਰਾਂਗੇ | ਇਸ ਬਦਲਾਅ ਦੀ ਸ਼ੁਰੂਆਤ ਲਈ ਅਸੀਂ ਮਹੀਨਾਵਾਰ ਮੀਟਿੰਗ ਵਿਚ ਅਹਿਮ ਫ਼ੈਸਲੇ ਕਰਾਂਗੇ | ਅੱਜ ਦੀ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਜਥੇਦਾਰ ਕਰੋੜ ਸਿੰਘ ਤਲਵੰਡੀ ਭੰਗੇਰੀਆ, ਭਾਈ ਗੁਰਲਾਭ ਸਿੰਘ ਧਰਮਕੋਟ, ਭਾਈ ਜਗਸੀਰ ਸਿੰਘ ਡਾਲਾ, ਭਾਈ ਬਲਜੀਤ ਸਿੰਘ ਅਕਾਲੀਆਂ ਵਾਲਾ, ਜਥੇਦਾਰ ਪਰਮਜੀਤ ਸਿੰਘ ਧੱਲੇਕੇ, ਜਥੇਦਾਰ ਅਜੀਤ ਸਿੰਘ ਸਰਪੰਚ ਕੋਰੇਵਾਲਾ, ਭਾਈ ਮੱਖਣ ਸਿੰਘ ਤਲਵੰਡੀ, ਜਥੇਦਾਰ ਗੁਰਬਚਨ ਸਿੰਘ ਤਲਵੰਡੀ ਆਦਿ ਹਾਜ਼ਰ ਸਨ | ਇਸ ਸਮੇਂ ਉਨ੍ਹਾਂ ਜ਼ਿਲ੍ਹਾ ਮੋਗਾ ਦੇ ਪੰਥਕ, ਸ਼ਾਂਤੀ ਪਸੰਦ ਲੋਕਾਂ, ਅਹੁਦੇਦਾਰਾਂ ਤੇ ਵਰਕਰਾਂ ਨੂੰ ਬੇਨਤੀ ਕੀਤੀ ਕਿ 1 ਅਪ੍ਰੈਲ ਨੂੰ 12 ਵਜੇ ਮੀਟਿੰਗ ਵਿਚ ਪਹੁੰਚਣ ਦੀ ਕਿਰਪਾਲਤਾ ਕਰਨ |