ਬਾਘਾ ਪੁਰਾਣਾ, 29 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਬੀਤੇ ਦਿਨੀਂ ਪਿੰਡ ਮਾਣੂੰਕੇ (ਮੋਗਾ) ਵਿਖੇ ਇਕ ਨੌਜਵਾਨ ਦੀ ਚਿੱਟੇ ਦੇ ਨਸ਼ੇ ਦੀ ਵਰਤੋਂ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਘਟਨਾ ਸਬੰਧੀ ਮਿ੍ਤਕ ਦੇ ਪਿਤਾ ਹਰਪਾਲ ਸਿੰਘ ਪਾਲਾ ਅਤੇ ਸਮੂਹ ਪਰਿਵਾਰਕ ਮੈਂਬਰਾਂ ਨੇ ਮਿ੍ਤਕ ਨੌਜਵਾਨ ਦੇ ਸ਼ਮਸ਼ਾਨਘਾਟ 'ਚੋਂ ਫ਼ੁੱਲ ਚੁੱਕਦੇ ਸਮੇਂ ਵਿਰਲਾਪ ਕਰਦੇ ਹੋਏ ਦੱਸਿਆ ਕਿ ਮਿ੍ਤਕ ਗੁਰਪਿੰਦਰ ਸਿੰਘ (27 ਸਾਲ) ਇਕ ਭੈਣ ਦਾ ਇਕਲੌਤਾ ਭਰਾ ਸੀ ਅਤੇ ਮਿ੍ਤਕ ਮੱਧ ਪ੍ਰਦੇਸ਼ 'ਚੋਂ ਕੰਬਾਈਨ ਤੋਂ ਕਣਕ ਦੀ ਕਟਾਈ ਕਰਨ ਉਪਰੰਤ 27 ਅਪ੍ਰੈਲ ਨੂੰ ਘਰ ਵਾਪਸ ਆਇਆ ਸੀ | ਘਰ ਆਉਣ ਉਪਰੰਤ ਆਪਣੇ ਦੋਸਤਾਂ ਨੂੰ ਮਿਲਣ ਦਾ ਕਿਹ ਕੇ ਘਰੋਂ ਚਲਾ ਗਿਆ ਅਤੇ ਕੁਝ ਸਮੇਂ ਬਾਅਦ ਘਰਦਿਆਂ ਨੂੰ ਪਤਾ ਲੱਗਿਆ ਕਿ ਗੁਰਪਿੰਦਰ ਸਿੰਘ ਦੀ ਚਿੱਟੇ ਦੇ ਨਸ਼ੇ ਦੀ ਜ਼ਿਆਦਾ ਵਰਤੋਂ ਕਰਨ ਨਾਲ ਮੌਤ ਹੋ ਗਈ |