ਸਮਾਧ ਭਾਈ, 11 ਮਈ (ਜਗਰੂਪ ਸਿੰਘ ਸਰੋਆ)-ਅੱਜ ਦੇ ਦੌਰ ਵਿਚ ਰਿਸ਼ਤੇ ਟੁੱਟਦੇ ਜਾ ਰਹੇ ਹਨ ਤੇ ਵਿਦਿਆਰਥੀਆਂ ਨੂੰ ਰਿਸ਼ਤਿਆਂ ਦੀ ਕਦਰ ਕਰਨੀ ਸਿਖਾਉਣੀ ਬਹੁਤ ਜ਼ਰੂਰੀ ਹੈ | ਇਹ ਪ੍ਰਗਟਾਵਾ ਭਾਈ ਰੂਪ ਚੰਦ ਕਾਨਵੈਂਟ ਸਕੂਲ ਸਮਾਧ ਭਾਈ ਵਿਚ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਸਕੂਲ ਪਿ੍ੰਸੀਪਲ ਮੈਡਮ ਕਿਰਨਾ ਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਾਨੂੰ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਹਰ ਰਿਸ਼ਤੇ ਦੀ ਕਦਰ ਕਰਨੀ ਵੀ ਸਿਖਾਉਣਾ ਹੈ | ਮਾਂ ਦਾ ਰਿਸ਼ਤਾ ਰੱਬ ਦੇ ਬਰਾਬਰ ਸਮਝ ਕੇ ਸਭ ਤੋਂ ਉੱਤਮ ਮੰਨਿਆਂ ਜਾਂਦਾ ਹੈ, ਤੇ ਇਸੇ ਕਰਕੇ ਇਸ ਸਮਾਗਮ ਵਿਚ ਵਿਦਿਆਰਥੀਆਂ ਦੀਆਂ ਸਤਿਕਾਰਯੋਗ ਮਾਤਾਵਾਂ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਤੇ ਉਨ੍ਹਾਂ ਲਈ ਵਿਸ਼ੇਸ਼ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ | ਇਸ ਸਮੇਂ ਹਰ ਇਕ ਮਾਂ ਨੂੰ ਸਤਿਕਾਰ ਵਜੋਂ ਸਟੇਜ 'ਤੇ ਬੁਲਾਇਆ ਗਿਆ | ਇਸ ਸਮੇਂ ਮਾਵਾਂ ਵਲੋਂ ਵੱਖ-ਵੱਖ ਖੇਡਾਂ ਵਿਚ ਹਿੱਸਾ ਲਿਆ ਤੇ ਹਰ ਖੇਡ 'ਚੋਂ ਵਿਜੇਤਾ ਮਾਂ ਦਾ ਸਕੂਲ ਵਲੋਂ ਸਨਮਾਨ ਕੀਤਾ ਗਿਆ | ਇਸ ਉਪਰੰਤ ਵਿਦਿਆਰਥੀਆਂ ਨੇ ਮਾਂ ਦਿਵਸ ਨੂੰ ਸਮਰਪਿਤ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕਰਦਿਆਂ ਸ਼ਬਦ, ਗੀਤ, ਭਾਸ਼ਣ ਤੇ ਨਾਟਕ ਪੇਸ਼ ਕੀਤੇ | ਕੋਰੀਓਗ੍ਰਾਫ਼ੀ ਰਾਹੀਂ ਮਾਂ ਦੀ ਮਮਤਾ ਦੀ ਪੇਸ਼ਕਾਰੀ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ | ਇਸ ਮੌਕੇ ਚੇਅਰਮੈਨ ਲਾਭ ਸਿੰਘ ਖੋਖਰ ਤੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ ਨੇ ਮਾਂ ਦਿਵਸ ਦੀਆਂ ਵਧਾਈਆਂ ਦਿੰਦਿਆਂ ਬੱਚਿਆਂ ਨੂੰ ਮਾਂ ਦੇ ਰਿਸ਼ਤੇ ਦੀ ਕਦਰ ਕਰਦਿਆਂ ਸਭ ਦੀਆਂ ਮਾਵਾਂ ਪ੍ਰਤੀ ਸਤਿਕਾਰ ਤੇ ਪਿਆਰ ਦੀ ਭਾਵਨਾ ਰੱਖਣ ਦੀ ਅਪੀਲ ਕੀਤੀ |