26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਿਵਲ ਸੁਸਾਇਟੀ ਮੋਗਾ ਨੇ ਸੁੰਦਰੀਕਰਨ ਪ੍ਰੋਜੈਕਟਾਂ ਵਿਚ ਵਰਤੇ ਜਾ ਰਹੇ ਮੈਟੀਰੀਅਲ ਦੀ ਜਾਂਚ ਲਈ ਸੈਂਪਲ ਕੀਤੇ ਇਕੱਠੇ

ਅਜੀਤ ਡੈਸਕ 18-05-2026
ਮੋਗਾ, 17 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗਾ ਸ਼ਹਿਰ ਦੀਆਂ ਅਸਲ ਸਮੱਸਿਆਵਾਂ ਨੂੰ ਨਜ਼ਰ-ਅੰਦਾਜ਼ ਕਰ ਕੇ ਸੁੰਦਰੀਕਰਨ ਪ੍ਰੋਜੈਕਟਾਂ 'ਤੇ ਖ਼ਰਚੇ ਜਾ ਰਹੇ ਕਰੋੜਾਂ ਰੁਪਏ ਸਵਾਲਾਂ ਦੇ ਘੇਰੇ ਵਿਚ ਹਨ, ਵਪਾਰੀ ਵਰਗ ਦੇ ਨਾਲ-ਨਾਲ ਆਮ ਲੋਕ ਵੀ ਟੈਕਸ ਪੇਅਰ ਮਨੀ ਦੀ ਹੋ ਰਹੀ ਬਰਬਾਦੀ ਦੀ ਜਾਂਚ ਦੀ ਮੰਗ ਕਰ ਰਹੇ ਹਨ | ਸਿਵਲ ਸੁਸਾਇਟੀ ਮੋਗਾ ਲਗਾਤਾਰ ਇਸ ਮੁੱਦੇ 'ਤੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਮੀਡੀਆ ਰਾਹੀਂ ਇਨ੍ਹਾਂ ਪ੍ਰੋਜੈਕਟਾਂ ਦੇ ਮਨੋਰਥ ਬਾਰੇ ਸਵਾਲ ਪੁੱਛ ਰਹੇ ਹਨ ਪਰ ਨਾ ਤਾਂ ਵਿਧਾਇਕ ਅਤੇ ਨਾ ਹੀ ਕੋਈ ਨਿਗਮ ਅਧਿਕਾਰੀ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਰਿਹਾ ਹੈ | ਲੋਕਾਂ ਵਿਚ ਆਮ ਚਰਚਾ ਹੈ ਕਿ ਇਹ ਸੁੰਦਰੀਕਰਨ ਪ੍ਰੋਜੈਕਟ ਸਿਰਫ਼ ਕਮਿਸ਼ਨ ਰਾਹੀਂ ਪੈਸਾ ਇਕੱਠਾ ਕਰਨ ਦਾ ਤਰੀਕਾ ਹੈ | ਇਸ ਧਾਰਨਾ ਦੀ ਸਚਾਈ ਜਾਣਨ ਲਈ ਸਿਵਲ ਸੁਸਾਇਟੀ ਮੋਗਾ ਨੇ ਇਕ ਕਦਮ ਅੱਗੇ ਵਧਦਿਆਂ ਇਨ੍ਹਾਂ ਪ੍ਰੋਜੈਕਟਾਂ ਵਿਚ ਵਰਤੇ ਜਾ ਰਹੇ ਮੈਟੀਰੀਅਲ ਦੀ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ | ਇਸ ਫ਼ੈਸਲੇ ਤਹਿਤ ਅੱਜ ਸੁਸਾਇਟੀ ਮੈਂਬਰਾਂ ਵਲੋਂ ਅਜੇ ਗੋਰਾ ਸੂਦ ਦੀ ਅਗਵਾਈ ਵਿਚ ਪ੍ਰਤਾਪ ਰੋਡ ਮੋਗਾ ਤੋਂ ਕਰਵ ਸਟੋਨ ਅਤੇ ਸੈਲਫੀ ਪੁਆਇੰਟ ਵੇਦਾਂਤ ਪਾਰਕ ਮੋਗਾ ਤੋਂ ਇੰਟਰਲਾਕ ਟਾਈਲਾਂ, ਗਟਕੇ ਅਤੇ ਮਿਕਸਰ ਦੇ ਤਿੰਨ ਸੈਂਪਲ ਮੀਡੀਆ ਦੀ ਹਾਜ਼ਰੀ ਵਿਚ ਇਕੱਤਰ ਕੀਤੇ ਅਤੇ ਇਹ ਸੈਂਪਲ ਤਿੰਨ ਵੱਖ-ਵੱਖ ਮਾਨਤਾ ਪ੍ਰਾਪਤ ਪ੍ਰਾਈਵੇਟ ਲੈਬਾਂ ਨੂੰ ਜਾਂਚ ਲਈ ਭੇਜ ਦਿੱਤੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵਾਈਜ਼ਰ ਅਜੇ ਗੋਰਾ ਸੂਦ, ਪ੍ਰਜੀਡੀਅਮ ਮੈਂਬਰ ਮਹਿੰਦਰਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਮਨਿੰਦਰ ਬੇਦੀ, ਜਨਰਲ ਸਕੱਤਰ ਪਿ੍ਤਪਾਲ ਸਿੰਘ ਲੱਕੀ ਗਿੱਲ, ਦਫ਼ਤਰ ਸਕੱਤਰ ਵੀ.ਪੀ. ਸੇਠੀ, ਠੇਕੇਦਾਰ ਸੰਤੋਖ ਸਿੰਘ ਅਤੇ ਸ਼ਿਵਸ਼ਰਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਟੈਸਟਾਂ ਦੇ ਨਤੀਜੇ ਬਹੁਤ ਜਲਦ ਆ ਜਾਣਗੇ ਤੇ ਲੋਕਾਂ ਦੀਆਂ ਸ਼ੰਕਾਵਾਂ ਦਾ ਨਿਵਾਰਨ ਵੀ ਹੋ ਜਾਵੇਗਾ | ਉਨ੍ਹਾਂ ਲੈਬਾਂ ਦੇ ਨਾਂਅ ਜਾਂ ਐਡਰੈਸ ਜਨਤਕ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਨਤੀਜਾ ਆਉਣ 'ਤੇ ਲੈਬਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤੇ ਜੇਕਰ ਨਿਗਮ ਅਧਿਕਾਰੀ ਇਤਰਾਜ਼ ਜਤਾਉਣਗੇ ਤਾਂ ਜਿਸ ਵੀ ਲੈਬ ਤੋਂ ਉਹ ਚਾਹੁਣਗੇ, ਉੱਥੋਂ ਦੁਬਾਰਾ ਜਾਂਚ ਕਰਵਾਈ ਜਾਵੇਗੀ, ਜਿਸ ਦਾ ਸਾਰਾ ਖ਼ਰਚ ਸਿਵਲ ਸੁਸਾਇਟੀ ਮੋਗਾ ਵਲੋਂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਅਸੀਂ ਤਿੰਨ ਕਰਵ ਸਟੋਨ, 15 ਇੰਟਰਲਾਕ ਟਾਈਲਾਂ ਅਤੇ ਨੌਂ ਬੱਠਲ ਗਟਕੇ ਦੇ ਲਏ ਹਨ ਤੇ ਉਹ ਠੇਕੇਦਾਰ ਨੂੰ ਇਸ ਦੀ ਬਣਦੀ ਰਾਸ਼ੀ ਵੀ ਜਮਾਂ ਕਰਵਾਉਣ ਦੇ ਪਾਬੰਦ ਹਾਂ | ਉਨ੍ਹਾਂ ਕਿਹਾ ਕਿ ਸਿਵਲ ਸੁਸਾਇਟੀ ਲੋਕ ਮੁੱਦਿਆਂ 'ਤੇ ਲੜਾਈ ਲੜਦੀ ਰਹੇਗੀ ਤੇ ਜਿੱਥੇ ਵੀ ਜਨਤਾ ਦੇ ਪੈਸੇ ਦਾ ਦੁਰਉਪਯੋਗ ਹੋਣ ਦੀ ਸ਼ੱਕ ਪਵੇਗੀ, ਉੱਥੇ ਦੁੱਧ ਪਾਣੀ ਅਲੱਗ-ਅਲੱਗ ਕਰ ਕੇ ਸਚਾਈ ਲੋਕਾਂ ਸਾਹਮਣੇ ਰੱਖਦੀ ਰਹੇਗੀ | ਉਨ੍ਹਾਂ ਬੁੱਧੀਜੀਵੀ ਅਤੇ ਸਮਾਜ ਸੇਵੀ ਲੋਕਾਂ ਨੂੰ ਸਿਵਲ ਸੁਸਾਇਟੀ ਮੋਗਾ ਦੇ ਮੈਂਬਰ ਬਣਨ ਦੀ ਅਪੀਲ ਵੀ ਕੀਤੀ |
ਪਿਛਲੀ ਖ਼ਬਰ ਗੁਰਦੁਆਰਾ ਖੁਮਾਣੀਸਰ ਸਾਹਿਬ ਚੰਦ ਪੁਰਾਣਾ 'ਚ ਮੱਸਿਆ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਬੀ.ਕੇ.ਯੂ. ਏਕਤਾ ਉਗਰਾਹਾਂ ਨੇ ਕੇਂਦਰ ਤੇ ਪੰਜਾਬ ਦੇ ਗਵਰਨਰ ਦੀਆਂ ਅਰਥੀਆਂ ਸਾੜੀਆਂ-ਬਲੌਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।