ਨਾਮਜ਼ਦਗੀਆਂ ਦੇ ਆਖ਼ਰੀ ਦਿਨ ਤੱਕ 50 ਵਾਰਡਾਂ ਲਈ ਵੱਖ-ਵੱਖ ਪਾਰਟੀਆਂ ਦੇ 304 ਉਮੀਦਵਾਰਾਂ ਨੇ ਭਰੇ ਕਾਗ਼ਜ਼
ਅਜੀਤ ਡੈਸਕ
18-05-2026
ਮੋਗਾ, 17 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਨਗਰ ਨਿਗਮ ਮੋਗਾ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਬੀਤੇ ਕੱਲ੍ਹ ਨਾਮਜ਼ਦਗੀਆਂ ਦੇ ਅਖੀਰਲੇ ਦਿਨ ਵੱਖ-ਵੱਖ ਪਾਰਟੀਆਂ ਦੇ 304 ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਦਾਖ਼ਲ ਕੀਤੇ ਤੇ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸਮਾਪਤ ਹੋ ਗਈ | ਨਾਮਜ਼ਦਗੀ ਪੇਪਰਾਂ ਦੀ ਜਾਂਚ 18 ਮਈ ਨੂੰ ਕੀਤੀ ਜਾਵੇਗੀ ਤੇ 19 ਮਈ ਨੂੰ ਕਾਗ਼ਜ਼ ਵਾਪਸ ਲਏ ਜਾਣਗੇ | ਜਿੱਥੇ 26 ਮਈ ਨੂੰ ਨਗਰ ਨਿਗਮ ਦੇ 50 ਵਾਰਡਾਂ ਵਿਚ ਵੋਟਾਂ ਪੈਣਗੀਆਂ ਉੱਥੇ 29 ਮਈ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ | ਦੱਸ ਦੇਈਏ ਕਿ ਆਪ ਪਾਰਟੀ ਵਲੋਂ 50 ਉਮੀਦਵਾਰ, ਕਾਂਗਰਸ ਪਾਰਟੀ ਦੇ 49 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਵਲੋਂ 46 ਉਮੀਦਵਾਰ, ਭਾਜਪਾ ਵਲੋਂ 50 ਉਮੀਦਵਾਰ ਜਦ ਕਿ ਕੁਝ ਉਮੀਦਵਾਰ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਵੀ ਕਾਗ਼ਜ਼ ਭਰੇ ਗਏ ਹਨ ਤੇ ਕੁਝ ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਨਗਰ ਨਿਗਮ ਚੋਣਾਂ ਵਿਚ ਅਜ਼ਮਾਉਣਗੇ | ਸ਼ਹਿਰ ਦੀ ਮਿੰਨੀ ਪਾਰਲੀਮੈਂਟ ਮੰਨੀ ਜਾਂਦੀ ਨਗਰ ਨਿਗਮ ਚੋਣਾਂ ਲਈ ਸਾਰੀਆਂ ਹੀ ਪਾਰਟੀਆਂ ਵਿਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਹਰ ਪਾਰਟੀ ਦੇ ਉਮੀਦਵਾਰ ਸਮਾਂ ਘੱਟ ਹੋਣ ਕਰ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਬਣਾ ਰਹੇ ਹਨ | ਜੇਕਰ ਮੌਜੂਦਾ ਸੱਤਾਧਾਰੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਹੁਣ ਨਿਗਮ ਮੋਗਾ 'ਤੇ ਸੱਤਾਧਾਰੀ ਸਰਕਾਰ ਦਾ ਕਬਜ਼ਾ ਤੇ ਗ਼ਲਬਾ ਰਿਹਾ ਜਦ ਕਿ ਹੁਣ ਇਹ ਵੇਖਣਾ ਹੋਵੇਗਾ ਕਿ ਹੁਣ ਕਿਹੜੀ ਪਾਰਟੀ ਨਿਗਮ 'ਤੇ ਕਾਬਜ਼ ਹੋਵੇਗੀ |