ਬਾਘਾ ਪੁਰਾਣਾ, 17 ਮਈ (ਟਿੰਕੂ ਕਾਠਪਾਲ)-ਕੈਮਿਸਟ ਐਸੋਸੀਏਸ਼ਨ ਬਾਘਾ ਪੁਰਾਣਾ ਵਲੋਂ 20 ਮਈ ਨੂੰ ਸ਼ਹਿਰ ਦੇ ਸਾਰੇ ਮੈਡੀਕਲ ਸਟੋਰ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਮਿੱਤਲ, ਸੈਕਟਰੀ ਵਿਜੇ ਮਿੱਤਲ ਅਤੇ ਆਗੂ ਰਵਿੰਦਰ ਸ਼ਾਹੀ ਨੇ ਦੱਸਿਆ ਕਿ ਇਹ ਫ਼ੈਸਲਾ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ 'ਤੇ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ 20 ਮਈ ਨੂੰ ਰਾਜ ਪੱਧਰ 'ਤੇ ਹੜਤਾਲ ਕੀਤੀ ਜਾ ਰਹੀ ਹੈ, ਜਿਸ ਵਿਚ ਬਾਘਾ ਪੁਰਾਣਾ ਦੇ ਸਾਰੇ ਕੈਮਿਸਟ ਭਾਗ ਲੈਣਗੇ ਅਤੇ ਆਪਣੀਆਂ ਦੁਕਾਨਾਂ ਮੁਕੰਮਲ ਤੌਰ 'ਤੇ ਬੰਦ ਰੱਖਣਗੇ | ਇਸ ਦਿਨ ਕੈਮਿਸਟ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ | ਪ੍ਰਧਾਨ ਅਸ਼ਵਨੀ ਮਿੱਤਲ ਨੇ ਕਿਹਾ ਕਿ ਆਨਲਾਈਨ ਫਾਰਮੇਸੀ ਦੇ ਵਧਦੇ ਪ੍ਰਭਾਵ ਅਤੇ ਸਰਕਾਰ ਦੀਆਂ ਗਲਤ ਅਤੇ ਮਾਰੂ ਨੀਤੀਆਂ ਕਾਰਨ ਕੈਮਿਸਟ ਭਾਈਚਾਰਾ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਕੈਮਿਸਟ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਦੇ ਕਾਰੋਬਾਰ 'ਤੇ ਭਾਰੀ ਅਸਰ ਪਿਆ ਹੈ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵਲੋਂ ਕੈਮਿਸਟਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਕਰਨੈਲ ਸਿੰਘ ਵਿਰਦੀ, ਬਿਪਨ ਗਰਗ, ਕਮਲ, ਸੁਰਿੰਦਰ ਛਿੰਦਾ, ਸੁਰਿੰਦਰ ਮੋਹਨ, ਮਨੋਜ ਗਰਗ, ਸੰਜੇ ਕੁਮਾਰ, ਲਵਲੀ, ਹਿਮਾਂਸ਼ੂ ਗਰਗ, ਰੁਪਿੰਦਰ ਸਿੰਘ, ਰਿੰਕੂ ਗਾਬਾ, ਰੋਕੀ ਗਰਗ, ਸਾਹਿਲ ਗਰਗ ਸਮੇਤ ਹੋਰ ਕੈਮਿਸਟ ਭਾਈਚਾਰੇ ਦੇ ਮੈਂਬਰ ਮੌਜੂਦ ਸਨ |