ਠੱਠੀ ਭਾਈ, 18 ਮਈ (ਜਗਰੂਪ ਸਿੰਘ ਮਠਾੜੂ)- ਪਿੰਡ ਸੁਖਾਨੰਦ ਦੇ ਵਸਨੀਕ ਅਤੇ ਭਾਰਤੀ ਫ਼ੌਜ ਦੇ ਸੇਵਾ ਮੁਕਤ ਨਾਇਕ ਸੁਖਦੇਵ ਸਿੰਘ ਸੁਖਾਨੰਦ ਦੀ ਅੰਤਿਮ ਯਾਤਰਾ ਦੌਰਾਨ ਇਲਾਕੇ ਵਿਚ ਗ਼ਮਗੀਨ ਮਾਹੌਲ ਦੇਖਣ ਨੂੰ ਮਿਲਿਆ | ਇਸ ਮੌਕੇ ਪਿੰਡ ਸੁਖਾਨੰਦ ਦੇ ਸਾਬਕਾ ਸੈਨਿਕਾਂ ਅਤੇ ਸਟੇਸ਼ਨ ਹੈੱਡਕੁਆਟਰ ਮੋਗਾ ਦੀ ਟੀਮ ਵਲੋਂ ਮਿ੍ਤਕ ਫ਼ੌਜੀ ਜਵਾਨ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ ਗਈ | ਸਟੇਸ਼ਨ ਹੈੱਡਕੁਆਟਰ ਮੋਗਾ ਦੀ ਟੀਮ ਵਲੋਂ ਸੂਬੇਦਾਰ ਲੀਲਾ ਰਾਮ ਅਤੇ ਹੌਲਦਾਰ ਮਹਾਂ ਸਿੰਘ ਨੇ ਨਾਇਕ ਸੁਖਦੇਵ ਸਿੰਘ ਦੀ ਮਿ੍ਤਕ ਦੇਹ ਉੱਪਰ ਫ਼ੁੱਲ ਮਾਲਾਵਾਂ ਭੇਟ ਕਰਦਿਆਂ ਉਨ੍ਹਾਂ ਦੀ ਦੇਸ਼ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਯਾਦ ਕੀਤਾ | ਇਸ ਦੌਰਾਨ ਸਾਬਕਾ ਸੈਨਿਕ ਸੂਬੇਦਾਰ ਬਲਦੇਵ ਸਿੰਘ ਸੁਖਾਨੰਦ ਨੇ ਕਿਹਾ ਕਿ ਨਾਇਕ ਸੁਖਦੇਵ ਸਿੰਘ ਨੇ ਫ਼ੌਜ ਵਿਚ ਰਹਿੰਦਿਆਂ ਇਮਾਨਦਾਰੀ ਅਤੇ ਦੇਸ਼ ਭਗਤੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਉਹ ਹਮੇਸ਼ਾ ਹੀ ਨੌਜਵਾਨਾਂ ਲਈ ਪੇ੍ਰਰਨਾ ਸਰੋਤ ਰਹਿਣਗੇ | ਅੰਤਿਮ ਯਾਤਰਾ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੂਬੇਦਾਰ ਬਲਦੇਵ ਸਿੰਘ ਸੁਖਾਨੰਦ, ਬਾਬੂ ਸਿੰਘ, ਤੇਜਾ ਸਿੰਘ, ਗਿੰਦਰ ਸਿੰਘ, ਮਹਿੰਦਰ ਸਿੰਘ, ਰਾਮ ਸਿੰਘ, ਜਗਤਾਰ ਸਿੰਘ, ਸੁਖਮੰਦਰ ਸਿੰਘ, ਸੂਬੇਦਾਰ ਅਰਾਜ ਸਿੰਘ ਆਦਿ ਨਗਰ ਅਤੇ ਇਲਾਕੇ ਦੇ ਵੱਡੀ ਗਿਣਤੀ ਸਾਬਕਾ ਫ਼ੌਜੀਆਂ, ਰਿਸ਼ਤੇਦਾਰਾਂ, ਪਿੰਡ ਵਾਸੀਆਂ ਨੇ ਸ਼ਮੂਲੀਅਤ ਕਰਦਿਆਂ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਉਨ੍ਹਾਂ ਦੇ ਪੁੱਤਰਾਂ ਅਰਸ਼ਦੀਪ ਸਿੰਘ ਅਤੇ ਸੋਨੂੰ ਨਾਲ ਦੁੱਖ ਪ੍ਰਗਟ ਕੀਤਾ |