29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਬੇਰੁਜ਼ਗਾਰ ਲਾਈਨਮੈਨਾਂ 'ਤੇ ਲਾਠੀਚਾਰਜ ਖ਼ਿਲਾਫ਼ ਭੜਕੇ ਬਿਜਲੀ ਕਾਮਿਆਂ ਵਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ

ਅਜੀਤ ਡੈਸਕ 10-06-2026
ਬੱਧਨੀ ਕਲਾਂ, 8 ਜੂਨ (ਸੰਜੀਵ ਕੋਛੜ)-ਪਟਿਆਲਾ ਵਿਖੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ 'ਤੇ ਪੰਜਾਬ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਖ਼ਿਲਾਫ਼ ਸਬ ਡਵੀਜ਼ਨ ਬੱਧਨੀ ਕਲਾਂ ਦੇ ਬਿਜਲੀ ਕਾਮਿਆਂ ਦਾ ਗ਼ੁੱਸਾ ਫੁੱਟ ਪਿਆ | ਸੂਬਾ ਮੀਤ ਪ੍ਰਧਾਨ ਸੇਵਕ ਸਿੰਘ ਦੀ ਅਗਵਾਈ ਹੇਠ ਬਿਜਲੀ ਕਾਮਿਆਂ ਨੇ ਰੋਸ ਰੈਲੀ ਕਰਨ ਉਪਰੰਤ ਬੱਧਨੀ ਕਲਾਂ ਦੇ ਮੁੱਖ ਬਾਜ਼ਾਰ ਵਿਚ ਵਿਸ਼ਾਲ ਮਾਰਚ ਕੱਢਿਆ ਅਤੇ ਟਰੈਫ਼ਿਕ ਜਾਮ ਕਰਕੇ ਬਿਜਲੀ ਕਾਮਿਆਂ ਲੋਪੋ ਚੌਂਕ 'ਚ ਪੰਜਾਬ ਸਰਕਾਰ ਤੇ ਪਾਵਰ ਮੈਨੇਜਮੈਂਟ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਸੇਵਕ ਸਿੰਘ, ਡਵੀਜ਼ਨ ਪ੍ਰਧਾਨ ਗੁਰਮੀਤ ਸਿੰਘ, ਸਬ ਡਵੀਜ਼ਨ ਪ੍ਰਧਾਨ ਗੁਰਦੀਪ ਸਿੰਘ, ਰਵਿੰਦਰ ਕੁਮਾਰ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਮਨੋਜ ਕੁਮਾਰ, ਜਗਦੀਪ ਕੌਰ, ਇੰਜ. ਜਗਰੂਪ ਸਿੰਘ, ਗੁਰਚਰਨ ਸਿੰਘ ਬੱਧਨੀ ਕਲਾਂ, ਬੰਤਾ ਸਿੰਘ, ਤੀਰਥ ਸਿੰਘ ਅਤੇ ਬਲਜੀਤ ਸਿੰਘ ਨੇ ਕਿਹਾ ਕਿ ਰੁਜ਼ਗਾਰ ਦੀ ਮੰਗ ਕਰ ਰਹੇ ਨੌਜਵਾਨਾਂ 'ਤੇ ਡਾਂਗਾਂ ਵਰ੍ਹਾਉਣਾ ਸਰਕਾਰ ਦੀ ਨੌਜਵਾਨ ਵਿਰੋਧੀ ਸੋਚ ਨੂੰ ਬੇਨਕਾਬ ਕਰਦਾ ਹੈ | ਉਨ੍ਹਾਂ ਕਿਹਾ ਕਿ ਚੋਣਾਂ ਵੇਲੇ ਰੁਜ਼ਗਾਰ ਦੇ ਵਾਅਦੇ ਕਰਨ ਵਾਲੀ ਸਰਕਾਰ ਅੱਜ ਆਪਣੇ ਹੱਕ ਮੰਗਣ ਵਾਲੇ ਨੌਜਵਾਨਾਂ ਦੀ ਆਵਾਜ਼ ਨੂੰ ਲਾਠੀਆਂ ਦੇ ਜ਼ੋਰ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਬਿਜਲੀ ਮੁਲਾਜ਼ਮ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ | ਆਗੂਆਂ ਨੇ ਐਲਾਨ ਕੀਤਾ ਕਿ ਸੰਘਰਸ਼ ਦੇ ਅਗਲੇ ਪੜਾਅ ਤਹਿਤ 14 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਵਿਸ਼ਾਲ ਧਰਨਾ ਦੇ ਕੇ ਸਰਕਾਰ ਨੂੰ ਘੇਰਿਆ ਜਾਵੇਗਾ, ਜਦ ਕਿ 16 ਅਤੇ 17 ਜੂਨ ਨੂੰ ਪੰਜਾਬ ਭਰ ਦੇ ਬਿਜਲੀ ਕਾਮੇ ਦੋ ਰੋਜ਼ਾ ਹੜਤਾਲ 'ਤੇ ਜਾਣਗੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਬਿਜਲੀ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ ਜਾਂ ਕਿਸੇ ਤਰ੍ਹਾਂ ਦੀ ਅਸੁਵਿਧਾ ਪੈਦਾ ਹੁੰਦੀ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਹੋਵੇਗੀ | ਬੁਲਾਰਿਆਂ ਨੇ ਕਿਹਾ ਕਿ ਬੇਰੁਜ਼ਗਾਰ ਲਾਈਨਮੈਨਾਂ ਨਾਲ ਹੋਈ ਧੱਕੇਸ਼ਾਹੀ ਨੇ ਸਮੁੱਚੇ ਬਿਜਲੀ ਮੁਲਾਜ਼ਮ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਜੇਕਰ ਸਰਕਾਰ ਨੇ ਆਪਣਾ ਦਮਨਕਾਰੀ ਰਵੱਈਆ ਨਾ ਬਦਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ, ਵਿਸ਼ਾਲ ਅਤੇ ਨਿਰਨਾਇਕ ਰੂਪ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਯੂਰੀਏ ਦੀ ਕਿੱਲਤ ਅਤੇ ਤੇਲ ਦੀਆਂ ਕੀਮਤਾਂ ਦੇ ਵਾਧੇ ਵਿਰੁੱਧ ਰੋਸ ਵਜੋਂ ਮੋਗਾ ਦਾਣਾ ਮੰਡੀ 'ਚ ਮੋਦੀ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਸਬ ਡਵੀਜ਼ਨ ਮੋਗਾ ਵਿਖੇ 12 ਮੁਕੱਦਮੇ ਦਰਜ, 16 ਦੋਸ਼ੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।