29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਤੰਗ ਹੋ ਰਹੀਆਂ ਲਿੰਕ ਸੜਕਾਂ ਦੇ ਕਿਨਾਰਿਆਂ 'ਤੇ ਮਿੱਟੀ ਪਾਉਣ ਦੀ ਮੰਗ

ਅਜੀਤ ਡੈਸਕ 10-06-2026
ਕਿਸ਼ਨਪੁਰਾ ਕਲਾਂ, 9 ਜੂਨ (ਗਿੱਲ, ਕਲਸੀ)-ਪੰਜਾਬ ਸਰਕਾਰ ਵਲੋਂ ਪਿੰਡਾਂ ਨੂੰ ਆਪਸ ਵਿਚ ਜੋੜਨ ਵਾਲੀਆਂ ਕਈ ਲਿੰਕ ਸੜਕਾਂ ਦੀ ਮੁਰੰਮਤ ਕਰਵਾ ਕੇ ਉਨ੍ਹਾਂ ਨੂੰ ਨਵੀਂ ਦਿੱਖ ਦਿੱਤੀ ਗਈ ਹੈ ਪਰ ਸੜਕਾਂ ਦੇ ਦੋਵੇਂ ਪਾਸਿਆਂ ਦੇ ਬਰਮਾ 'ਤੇ ਮਿੱਟੀ ਨਾ ਪੈਣ ਕਾਰਨ ਲੋਕਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ | ਇਲਾਕਾ ਵਾਸੀਆਂ ਨੇ ਸਬੰਧਿਤ ਵਿਭਾਗ ਤੋਂ ਸੜਕਾਂ ਦੇ ਕਿਨਾਰਿਆਂ ਨੂੰ ਤੁਰੰਤ ਮਿੱਟੀ ਪਾ ਕੇ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਸੜਕਾਂ ਦੀ ਉਮਰ ਵਧ ਸਕੇ ਅਤੇ ਆਵਾਜਾਈ ਸੁਰੱਖਿਅਤ ਬਣ ਸਕੇ | ਇਸ ਸਬੰਧੀ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਤੂਰ ਨੇ ਕਿਹਾ ਕਿ ਸਰਕਾਰ ਵਲੋਂ ਸੜਕਾਂ ਦੀ ਮੁਰੰਮਤ ਤਾਂ ਕਰਵਾ ਦਿੱਤੀ ਗਈ ਹੈ, ਪਰ ਕਿਨਾਰਿਆਂ 'ਤੇ ਮਿੱਟੀ ਨਾ ਪੈਣ ਕਾਰਨ ਸੜਕਾਂ ਦੇ ਟੁੱਟਣ ਦਾ ਖ਼ਤਰਾ ਬਣਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਕਈ ਥਾਵਾਂ 'ਤੇ ਕੁਝ ਲੋਕਾਂ ਨੇ ਸੜਕਾਂ ਲਈ ਛੱਡੀ ਗਈ ਜਗ੍ਹਾ ਨੂੰ ਆਪਣੇ ਖੇਤਾਂ ਵਿਚ ਮਿਲਾ ਲਿਆ ਹੈ, ਜਿਸ ਨਾਲ ਸੜਕਾਂ ਦੀ ਚੌੜਾਈ ਘੱਟ ਹੋ ਰਹੀ ਹੈ ਅਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਆਦਾਤਰ ਖੇਤ ਖਾਲੀ ਪਏ ਹਨ, ਇਸ ਲਈ ਇਹ ਸਮਾਂ ਸੜਕਾਂ ਦੇ ਦੋਵੇਂ ਪਾਸਿਆਂ ਮਿੱਟੀ ਪਾਉਣ ਲਈ ਸਭ ਤੋਂ ਉਚਿੱਤ ਹੈ | ਖੇਤਾਂ ਵਿਚੋਂ ਮਿੱਟੀ ਲੈਣ ਵਿਚ ਵੀ ਕੋਈ ਦਿੱਕਤ ਨਹੀਂ ਆਵੇਗੀ ਅਤੇ ਇਸ ਨਾਲ ਭਵਿੱਖ ਵਿਚ ਸੜਕਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇਗਾ | ਸਮਾਜ ਸੇਵੀ ਕਮਲ ਮਨੀਲਾ, ਨੌਜਵਾਨ ਯੂਥ ਕਲੱਬ ਦੇ ਪ੍ਰਧਾਨ ਰਣਜੋਧ ਸਿੰਘ ਯੋਧਾ ਅਤੇ ਗੁਰਜੰਟ ਸਿੰਘ ਬੰਦੇਸ਼ਾ ਨੇ ਵੀ ਸੜਕਾਂ ਦੀ ਮੌਜੂਦਾ ਹਾਲਤ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸੜਕਾਂ ਦੀ ਸੰਭਾਲ ਸਿਰਫ਼ ਸਰਕਾਰ ਦੀ ਹੀ ਨਹੀਂ, ਸਗੋਂ ਆਮ ਲੋਕਾਂ ਅਤੇ ਕਿਸਾਨਾਂ ਦੀ ਵੀ ਸਾਂਝੀ ਜ਼ਿੰਮੇਵਾਰੀ ਹੈ | ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਲਿੰਕ ਸੜਕਾਂ ਨੂੰ ਚੌੜਾ, ਮਜ਼ਬੂਤ ਅਤੇ ਸੁਰੱਖਿਅਤ ਬਣਾਉਣ ਲਈ ਆਪਣਾ ਯੋਗਦਾਨ ਪਾਉਣ | ਉਨ੍ਹਾਂ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸੜਕਾਂ ਦੇ ਬਰਮਾ ਨੂੰ ਮਜ਼ਬੂਤ ਕਰਨ ਦਾ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ ਤਾਂ ਜੋ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਬਿਹਤਰ ਸੜਕ ਸਹੂਲਤਾਂ ਮਿਲ ਸਕਣ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਸੜਕਾਂ ਦੇ ਕਿਨਾਰੇ ਮਜ਼ਬੂਤ ਨਾ ਕੀਤੇ ਗਏ ਤਾਂ ਬਰਸਾਤਾਂ ਦੇ ਮੌਸਮ ਦੌਰਾਨ ਸੜਕਾਂ ਦੇ ਟੁੱਟਣ ਅਤੇ ਹਾਦਸਿਆਂ ਦੀ ਸੰਭਾਵਨਾ ਕਾਫ਼ੀ ਵੱਧ ਸਕਦੀ ਹੈ | ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਨੇ ਸੜਕਾਂ ਦੇ ਕਿਨਾਰਿਆਂ ਦੀ ਜ਼ਮੀਨ ਆਪਣੇ ਖੇਤਾਂ ਵਿਚ ਸ਼ਾਮਲ ਕਰ ਲਈ ਹੈ, ਉਹ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਸੜਕਾਂ ਦੀ ਅਸਲ ਹੱਦ ਬਹਾਲ ਕਰਨ ਵਿਚ ਸਹਿਯੋਗ ਦੇਣ | ਇਲਾਕੇ ਦੇ ਪਿੰਡ ਇੰਦਰਗੜ੍ਹ, ਜਲਾਲਾਬਾਦ, ਲੋਹਗੜ੍ਹ, ਭਿੰਡਰ ਕਲਾਂ, ਕਿਸ਼ਨਪੁਰਾ ਕਲਾਂ, ਕਿਸ਼ਨਪੁਰਾ ਖ਼ੁਰਦ, ਤਲਵੰਡੀ ਮੱਲ੍ਹੀਆਂ, ਦਾਤਾ ਅਤੇ ਹੋਰ ਕਈ ਪਿੰਡਾਂ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਹਾਲਤ ਇਸ ਪੱਖੋਂ ਚਿੰਤਾਜਨਕ ਦੱਸੀ ਜਾ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਝੋਨੇ ਦੀ ਲੁਆਈ ਤੋਂ ਪਹਿਲਾਂ ਕਿਸਾਨ ਭਰਾ ਆਪਣੇ ਖੇਤਾਂ ਨਾਲ ਲੱਗਦੀਆਂ ਸੜਕਾਂ ਦੇ ਦੋਵੇਂ ਪਾਸਿਆਂ ਮਿੱਟੀ ਪਾ ਕੇ ਬਰਮਾ ਨੂੰ ਬਰਾਬਰ ਕਰਨ ਵਿਚ ਸਹਿਯੋਗ ਦੇਣ | ਇਲਾਕਾ ਵਾਸੀਆਂ ਨੇ ਸਰਕਾਰ ਅਤੇ ਸਬੰਧਿਤ ਵਿਭਾਗ ਤੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਮਾਤਾ ਸੁਰਜੀਤ ਕੌਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਅਗਲੀ ਖ਼ਬਰ ਜਗਤ ਸੇਵਕ ਸੰਸਥਾਵਾਂ ਮਹਿਣਾ ਦੀਆਂ ਵਿਦਿਆਰਥਣਾਂ ਜਗਜੋਤ ਕੌਰ ਅਤੇ ਨਵਨੀਤ ਕੌਰ ਮੈਰਿਟ 'ਚ ਆਉਣ 'ਤੇ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।