ਮੋਗਾ, 10 ਜੂਨ (ਗੁਰਤੇਜ ਸਿੰਘ ਬੱਬੀ)-ਕਾਸੋ ਓਪਰੇਸ਼ਨ ਦੌਰਾਨ ਸਬ ਡਵੀਜ਼ਨ ਬਾਘਾ ਪੁਰਾਣਾ ਵਿਚ ਡਰੱਗ ਹਾਟ ਸਪਾਟ ਏਰੀਆ ਦੀ ਸਰਚ ਕੀਤੀ ਗਈ | ਇਸੇ ਦੌਰਾਨ ਨਸ਼ਿਆਂ ਸਬੰਧੀ ਦੋ ਮੁਕੱਦਮੇ ਦਰਜ ਕਰ ਕੇ ਦੋ ਦੋਸ਼ੀਆਂ ਨੂੰ ਕਾਬੂ ਕਰ ਕੇ 21 ਗਰਾਮ ਹੈਰੋਇਨ ਬਰਾਮਦ ਕੀਤੀ ਗਈ | ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਵਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਬ ਡਵੀਜ਼ਨ ਬਾਘਾ ਪੁਰਾਣਾ ਵਲੋਂ ਯੁੱਧ ਨਸ਼ਿਆਂ ਵਿਰੁੱਧ ਤੇ ਪਿੰਡਾਂ ਦੇ ਪਹਿਰੇਦਾਰ ਤਹਿਤ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 3 ਜੂਨ ਤੋਂ 9 ਜੂਨ ਤੱਕ ਨਸ਼ਿਆਂ ਸਬੰਧੀ 8 ਮੁਕੱਦਮੇ ਦਰਜ ਕਰ ਕੇ 7 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਪਾਸੋਂ 49 ਗਰਾਮ ਹੈਰੋਇਨ, 130 ਲੀਟਰ ਲਾਹਣ, 25 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ ਗਈ | ਨਸ਼ਾ ਕਰਨ ਵਾਲੇ 4 ਵਿਅਕਤੀਆਂ ਨੂੰ ਜਨੇਰ ਨਸ਼ਾ ਛਡਾਊ ਸੈਂਟਰ ਵਿਚ ਦਾਖ਼ਲ ਕਰਵਾਇਆ ਗਿਆ | ਲੋਕਾਂ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ | ਨਸ਼ੇ ਦਾ ਧੰਦਾ ਕਰਨ ਵਾਲੇ ਤੇ ਮਾੜੇ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ |