01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਭਗਤ ਪੂਰਨ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਮਨਾਇਆ

ਅਜੀਤ ਡੈਸਕ 11-06-2026
ਧਰਮਕੋਟ, 10 ਜੂਨ (ਪਰਮਜੀਤ ਸਿੰਘ)-ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਚੁੱਘਾ ਕਲਾਂ ਵਿਖੇ ਮਨੁੱਖਤਾ ਦੇ ਪੁਜਾਰੀ ਅਤੇ ਪਿੰਗਲਵਾੜਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਦਾ ਜਨਮ ਦਿਹਾੜਾ ਸ਼ਰਧਾ, ਸਤਿਕਾਰ ਅਤੇ ਸੇਵਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਅਪਾਹਜ ਅਤੇ ਵਿਕਲਾਂਗ ਵਿਅਕਤੀਆਂ ਨੂੰ ਲੋੜੀਂਦੀ ਸਹਾਇਤਾ ਸਮਗਰੀ ਅਤੇ ਆਵਾਜਾਈ ਦੇ ਸਾਧਨ ਭੇਟ ਕਰਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦਾ ਉਪਰਾਲਾ ਕੀਤਾ ਗਿਆ | ਇਹ ਸੇਵਾ ਕਾਰਜ ਸੇਵਕ ਸੇਵਾ ਸੰਸਥਾ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਭਾਈ ਅਮਨਦੀਪ ਸਿੰਘ ਕੋਠੇ ਚੋਟੀਆਂ ਠੋਬਾ ਅਤੇ ਉਨ੍ਹਾਂ ਦੀ ਸਮੂਹ ਟੀਮ ਨੇ ਅਹਿਮ ਭੂਮਿਕਾ ਨਿਭਾਈ | ਸਮਾਗਮ ਦੌਰਾਨ ਲੋੜਵੰਦ ਅਤੇ ਦਿਵਿਆਂਗ ਵਿਅਕਤੀਆਂ ਨੂੰ ਵੱਖ-ਵੱਖ ਤਰ੍ਹਾਂ ਦੀ ਸਹਾਇਤਾ ਸਮਗਰੀ ਦਿੱਤੀ ਗਈ | ਇਸ ਮੌਕੇ ਦਰਸ਼ਨ ਸਿੰਘ ਚੀਮਾ, ਹਰਭਜਨ ਸਿੰਘ ਚੁੱਘਾ, ਸਰਬਜੀਤ ਕੌਰ ਚੁੱਘਾ, ਹਰਪ੍ਰੀਤ ਸਿੰਘ ਚੁੱਘਾ ਅਤੇ ਇਕ ਹੋਰ ਲੋੜਵੰਦ ਮਾਤਾ ਨੂੰ ਟਰਾਈ ਸਾਈਕਲਾਂ ਅਤੇ ਬੈਟਰੀ ਨਾਲ ਚੱਲਣ ਵਾਲੇ ਸਾਈਕਲ ਭੇਟ ਕੀਤੇ ਗਏ, ਜਿਸ ਨਾਲ ਉਨ੍ਹਾਂ ਦੀ ਰੋਜ਼ਾਨਾ ਆਵਾਜਾਈ ਵਿਚ ਕਾਫੀ ਸਹੂਲਤ ਮਿਲੇਗੀ | ਸਮਾਗਮ ਨੂੰ ਸੰਬੋਧਨ ਕਰਦਿਆਂ ਭਾਈ ਅਮਨਦੀਪ ਸਿੰਘ ਕੋਠੇ ਚੋਟੀਆਂ ਠੋਬਾ ਨੇ ਸਮੂਹ ਸੰਗਤਾਂ ਨੂੰ ਭਗਤ ਪੂਰਨ ਸਿੰਘ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ | ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਕੀਤਾ ਅਤੇ ਸਮਾਜ ਦੇ ਦੱਬੇ-ਕੁਚਲੇ, ਬਿਮਾਰ ਅਤੇ ਲੋੜਵੰਦ ਲੋਕਾਂ ਦੀ ਸੇਵਾ ਕਰਕੇ ਇਕ ਮਿਸਾਲ ਕਾਇਮ ਕੀਤੀ | ਭਗਤ ਪੂਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਮਾਗਮ ਦੌਰਾਨ ਬੂਟੇ ਵੀ ਲਗਾਏ ਗਏ | ਵਾਤਾਵਰਨ ਸੰਭਾਲ ਦੇ ਇਸ ਉਪਰਾਲੇ ਤਹਿਤ ਲਗਾਏ ਗਏ ਬੂਟਿਆਂ ਦੀ ਦੇਖਭਾਲ ਅਤੇ ਪਾਲਣਾ-ਪੋਸ਼ਣਾ ਦੀ ਜ਼ਿੰਮੇਵਾਰੀ ਅਪਾਹਜ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪੀ ਗਈ, ਤਾਂ ਜੋ ਸਮਾਜ ਸੇਵਾ ਦੇ ਨਾਲ-ਨਾਲ ਵਾਤਾਵਰਨ ਸੰਭਾਲ ਦਾ ਸੁਨੇਹਾ ਵੀ ਦਿੱਤਾ ਜਾ ਸਕੇ | ਇਸ ਮੌਕੇ ਸੰਸਥਾ ਨਾਲ ਜੁੜੇ ਗੁਰਸਿਮਰਨ ਸਿੰਘ ਬਾਘਾ ਪੁਰਾਣਾ, ਗੁਰਪ੍ਰੀਤ ਸਿੰਘ ਗਿੱਲ ਬਲੱਡ ਸੇਵਾ ਸੁਸਾਇਟੀ, ਦਿਲਬਾਗ ਸਿੰਘ ਘਾਈ, ਗੁਰਪਿਆਰ ਸਿੰਘ ਨਿਹੰਗ ਸਿੰਘ ਅਤੇ ਹੋਰ ਸੇਵਾਦਾਰ ਵੀ ਹਾਜ਼ਰ ਸਨ | ਸਮਾਗਮ ਦੌਰਾਨ ਸੇਵਕ ਸੇਵਾ ਸੰਸਥਾ ਨੂੰ ਸਮਾਜ ਭਲਾਈ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਲਈ ਸਰਪੰਚ ਬਲਜੀਤ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਠੰਢੇ-ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ | ਸਮਾਗਮ ਵਿਚ ਅਪਾਹਜ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ, ਨਗਰ ਨਿਵਾਸੀਆਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਭਗਤ ਪੂਰਨ ਸਿੰਘ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ |
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਡੇਂਗੂ/ਮਲੇਰੀਆ/ਚਿਕਨਗੁਨੀਆ ਦੀ ਰੋਕਥਾਮ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਦੇ ਨਿਰਦੇਸ਼ ਅਗਲੀ ਖ਼ਬਰ ਵਿਕਾਸ 'ਚ ਕੋਈ ਕਮੀ ਨਹੀਂ ਛੱਡਾਂਗੇ-ਵਿਧਾਇਕ ਬਿਲਾਸਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।