ਬਾਘਾ ਪੁਰਾਣਾ, 10 ਜੂਨ (ਗੁਰਮੀਤ ਸਿੰਘ ਮਾਣੂੰਕੇ)-ਪੰਜਾਬ ਦੀ ਮਾਨ ਸਰਕਾਰ ਦੇ ਝੋਨਾ ਲਗਾਉਣ ਲਈ ਨਿਰਵਿਘਨ ਬਿਜਲੀ ਅਤੇ ਨਹਿਰੀ ਪਾਣੀ ਦੇਣ ਦੇ ਹੁਕਮਾਂ ਨੂੰ ਸਬੰਧਿਤ ਵਿਭਾਗ ਦੇ ਅਧਿਕਾਰੀ ਪ੍ਰਵਾਹ ਨਾ ਕਰਦੇ ਹੋਏ ਟਿੱਚ ਜਾਣਦੇ ਹਨ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਮੋਗਾ ਜਰਨਲ ਸਕੱਤਰ ਰਵਿੰਦਰ ਸਿੰਘ ਭੋਲਾ ਮਾਣੂੰਕੇ ਨੇ ਕਿਸਾਨਾਂ ਦੀ ਖੇਤਾਂ 'ਚ ਹੋ ਰਹੀ ਖੱਜਲ ਖੁਆਰੀ ਦੀ ਗੱਲ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮੋਗੇ ਜ਼ਿਲ੍ਹੇ ਅੰਦਰ 9 ਜੂਨ ਤੋਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਪਰ ਪਿੰਡ ਮਾਣੂੰਕੇ ਵਿਖੇ 21 ਮਈ ਤੋਂ ਬਿਜਲੀ ਗਰਿੱਡ ਵਿਚਲੇ ਬਕਸੇ ਵਾਲੀਆਂ ਤਾਰਾਂ ਖ਼ਰਾਬ (ਅੱਗ ਕਾਰਨ ਮੱਚੀਆਂ) ਹੋਣ ਕਾਰਨ ਖੇਤਾਂ ਵਾਲੀਆਂ ਮੋਟਰਾਂ ਲਈ ਅੱਠ ਘੰਟੇ ਨਿਰੰਤਰ ਬਿਜਲੀ ਨਹੀ ਮਿਲ ਰਹੀ | ਇਸ ਵੱਡੀ ਸਮੱਸਿਆ ਨੂੰ ਐਸ.ਡੀ.ਓ. ਅਤੇ ਐਕਸੀਅਨ ਦੇ ਧਿਆਨ 'ਚ ਲਿਆਉਣ ਦੇ ਬਾਵਜੂਦ ਵੀਹ ਬੀਤ ਦਿਨ ਬੀਤ ਗਏ ਹਨ ਪਰ ਬਿਜਲੀ ਵਿਭਾਗ ਦੇ ਅਧਿਕਾਰੀ ਆਪਣੀ ਲਾਪ੍ਰਵਾਹੀ ਨੂੰ ਆਪਣਾ ਅਧਿਕਾਰ ਸਮਝੀ ਬੈਠੇ ਹਨ | ਉਨ੍ਹਾਂ ਦੱਸਿਆ ਕਿ ਬਿਜਲੀ ਸਪਲਾਈ ਨਿਰੰਤਰ ਨਾ ਆਉਣ ਕਾਰਨ ਝੋਨਾ ਲਗਾਉਣ 'ਚ ਕਿਸਾਨਾਂ ਨੂੰ ਵੱਡੀ ਸਮੱਸਿਆ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਜਿੱਥੇ ਅੱਠ ਘੰਟੇ ਬਿਜਲੀ ਨਹੀ ਮਿਲ ਰਹੀ ਉੱਥੇ ਨਹਿਰੀ ਪਾਣੀ ਦੀ ਵੀ ਵੱਡੀ ਕਲਿੱਤ ਬਣੀ ਹੋਈ ਹੈ ਕਿਉਂਕਿ ਸਬੰਧਿਤ ਵਿਭਾਗ ਵਲੋਂ ਨਹਿਰੀ ਸੂਇਆਂ 'ਚ ਬਹੁਤ ਘੱਟ ਪਾਣੀ ਛੱਡਣ ਕਾਰਨ ਦੂਰ-ਦੁਰਾਡੇ ਖੇਤਾਂ ਵਾਲੇ ਕਿਸਾਨਾਂ ਦੇ ਵਾਹਨਾਂ (ਜ਼ਮੀਨਾਂ) ਤੱਕ ਪਾਣੀ ਸਹੀ ਢੰਗ ਨਾਲ ਨਹੀ ਪਹੁੰਚਦਾ ਜਿਸ ਦੇ ਚੱਲਦਿਆਂ ਕਿਸਾਨਾਂ ਨੂੰ ਝੋਨੇ ਲਗਾਉਣ ਵਾਲੇ ਕਾਮਿਆਂ ਦੀ ਲੇਬਰ ਪੈ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਅੱਠ ਬਿਜਲੀ ਅਤੇ ਨਿਰੰਤਰ ਨਹਿਰੀ ਪਾਣੀ ਨਾ ਦਿੱਤਾ ਗਿਆ ਤਾਂ ਬੀ.ਕੇ.ਯੂ. ਲੱਖੋਵਾਲ ਵਲੋਂ ਵੱਡੇ ਸੰਘਰਸ਼ ਤਹਿਤ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੀ ਲਾਪ੍ਰਵਾਹੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ |