ਮੋਗਾ, 11 ਜੂਨ (ਸੁਰਿੰਦਰਪਾਲ ਸਿੰਘ)-ਸ੍ਰੀ ਸ਼ਿਆਮ ਪਰਿਵਾਰ ਸੰਘ ਪੰਜਾਬ ਦੇ ਚੇਅਰਮੈਨ ਅਤੇ ਪ੍ਰਸਿੱਧ ਸਮਾਜ ਸੇਵੀ ਦਿਨੇਸ਼ ਗੁਪਤਾ, ਗਿਰੀਸ਼ ਮਿੱਤਲ ਦਿੱਲੀ, ਕੁਮਾਰ ਉੱਧਵ ਕੋਟਕਪੂਰਾ, ਯੋਗੇਸ਼ ਸ਼ਰਮਾ ਦਿੱਲੀ ਅਤੇ ਸੰਘ ਦੇ ਹੋਰ ਮੈਂਬਰਾਂ ਵਲੋਂ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦਾ ਬੁੱਕੇ, ਦੁਸ਼ਾਲਾ ਅਤੇ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਸ੍ਰੀ ਸ਼ਿਆਮ ਪਰਿਵਾਰ ਸੰਘ ਪੰਜਾਬ ਦੇ ਚੇਅਰਮੈਨ ਦਿਨੇਸ਼ ਗੁਪਤਾ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜ ਬਹੁਤ ਹੀ ਸ਼ਲਾਘਾਯੋਗ ਅਤੇ ਪ੍ਰੇਰਨਾਦਾਇਕ ਹਨ | ਉਨ੍ਹਾਂ ਕਿਹਾ ਕਿ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਜਿਹੇ ਕਾਰਜਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ | ਉਨ੍ਹਾਂ ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਪੁਲਿਸ ਪ੍ਰਸ਼ਾਸਨ ਅਤੇ ਆਮ ਲੋਕਾਂ ਵਿਚਕਾਰ ਇਕ ਮਜ਼ਬੂਤ ਕੜੀ ਦਾ ਕੰਮ ਕਰਦੀਆਂ ਹਨ, ਜਿਸ ਨਾਲ ਆਪਸੀ ਵਿਸ਼ਵਾਸ ਅਤੇ ਮਨੋਬਲ ਵਿਚ ਵਾਧਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਪ੍ਰਸ਼ਾਸਨ ਹੋਰ ਵੀ ਉਤਸ਼ਾਹ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ | ਇਸ ਮੌਕੇ ਸ੍ਰੀ ਸ਼ਿਆਮ ਪਰਿਵਾਰ ਸੰਘ ਪੰਜਾਬ ਦੇ ਚੇਅਰਮੈਨ ਦਿਨੇਸ਼ ਗੁਪਤਾ ਨੇ ਦੱਸਿਆ ਕਿ ਸੰਘ ਵਲੋਂ ਨਿਰਜਲਾ ਇਕਾਦਸ਼ੀ ਦੇ ਸਬੰਧ ਵਿਚ 24 ਤੋਂ 26 ਜੂਨ ਤੱਕ ਖਾਟੂ ਸ਼ਿਆਮ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦਾ ਸੱਦਾ ਪੱਤਰ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੂੰ ਭੇਟ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸੰਘ ਦਾ ਮੁੱਖ ਉਦੇਸ਼ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਹੈ ਕਿਉਂਕਿ ਸਮਾਜ ਸੇਵਾ ਤੋਂ ਵੱਡੀ ਕੋਈ ਸੇਵਾ ਨਹੀਂ | ਉਨ੍ਹਾਂ ਦੱਸਿਆ ਕਿ ਸੰਘ ਵਲੋਂ ਟਰੈਫ਼ਿਕ ਪੁਲਿਸ ਕਰਮਚਾਰੀਆਂ ਨੂੰ 150 ਰਿਫ਼ਲੈਕਟਰ ਕੋਟ ਭੇਟ ਕੀਤੇ ਗਏ ਹਨ | ਇਸ ਤੋਂ ਇਲਾਵਾ ਐਸ.ਐਸ.ਪੀ. ਦਫ਼ਤਰ ਨੇੜੇ ਆਉਣ ਵਾਲੇ ਲੋਕਾਂ ਅਤੇ ਕਰਮਚਾਰੀਆਂ ਲਈ ਠੰਢੇ ਪਾਣੀ ਦੀ ਸਹੂਲਤ ਵਾਸਤੇ ਆਰ.ਓ. ਵਾਟਰ ਕੂਲਰ ਲਗਾਇਆ ਗਿਆ ਹੈ | ਦਿਨੇਸ਼ ਗੁਪਤਾ ਨੇ ਕਿਹਾ ਕਿ ਸ੍ਰੀ ਸ਼ਿਆਮ ਪਰਿਵਾਰ ਸੰਘ ਪੰਜਾਬ ਵਲੋਂ ਸਮਾਜ ਸੇਵਾ ਦੇ ਇਹ ਕਾਰਜ ਭਵਿੱਖ ਵਿਚ ਵੀ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੇ |