21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮਾਈਨਿੰਗ ਖ਼ਿਲਾਫ਼ ਮਰਨ ਵਰਤ ’ਤੇ ਬੈਠੇ ਕਿਸਾਨ ਭਜਨ ਸਿੰਘ ਨੂੰ ਮੱਖਣ ਬਰਾੜ ਵਲੋਂ ਮਿਲਿਆ ਸਮਰਥਨ

ਅਜੀਤ ਡੈਸਕ 25-06-2026


ਕਿਸ਼ਨਪੁਰਾ ਕਲਾਂ, 24 ਜੂਨ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪਿੰਡ ਨਾਨਕ ਨਗਰ ਚੱਕ ਭੌਰਾ ਦੇ ਕਿਸਾਨ ਭਜਨ ਸਿੰਘ ਵਲੋਂ ਨਾਜਾਇਜ਼ ਮਾਈਨਿੰਗ ਅਤੇ ਰੇਤਾ ਢੋਣ ਵਾਲੀਆਂ ਟਰੈਕਟਰ ਟਰਾਲੀਆਂ ਕਾਰਨ ਹੋ ਰਹੇ ਫ਼ਸਲੀ ਨੁਕਸਾਨ ਦੇ ਵਿਰੋਧ ਵਿਚ ਸ਼ੁਰੂ ਕੀਤੇ ਮਰਨ ਵਰਤ ਨੂੰ ਲਗਾਤਾਰ ਵੱਡਾ ਸਮਰਥਨ ਮਿਲ ਰਿਹਾ ਹੈ। ਇਸੇ ਦੌਰਾਨ ਹਲਕਾ ਧਰਮਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਹੇਠ ਕਈ ਪਿੰਡਾਂ ਦੇ ਸਰਪੰਚਾਂ ਅਤੇ ਸਿਆਸੀ ਆਗੂਆਂ ਨੇ ਮੌਕੇ ‘ਤੇ ਪਹੁੰਚ ਕੇ ਪੀੜਤ ਕਿਸਾਨ ਨਾਲ ਇੱਕਜੁੱਟਤਾ ਦਾ ਇਜ਼ਹਾਰ ਕੀਤਾ। ਧਰਨੇ ਵਾਲੀ ਥਾਂ ਪਹੁੰਚੇ ਆਗੂਆਂ ਵਿਚ ਬਰਜਿੰਦਰ ਸਿੰਘ ਮੱਖਣ ਬਰਾੜ ਵਲੋਂ ਭੇਜੇ ਇਕਬਾਲਦੀਪ ਸਿੰਘ ਹੈਰੀ, ਚਿੱਤਬੀਰ ਸਿੰਘ ਸੰਧੂ, ਪ੍ਰਭਜੀਤ ਸਿੰਘ ਚੱਕ ਤਾਰੇਵਾਲਾ ਸਰਕਲ ਪ੍ਰਧਾਨ, ਸਾਬਕਾ ਸਰਪੰਚ ਪਰਮਿੰਦਰ ਸਿੰਘ ਭੁੱਲਰ ਨਸੀਰੇ ਵਾਲਾ, ਗੁਰਜੀਤ ਸਿੰਘ ਖਿੰਡਾ, ਗੁਰਤੇਜ ਸਿੰਘ, ਡਾ. ਮੱਸਾ ਸਿੰਘ ਅਤੇ ਨਰਜੀਤ ਸਿੰਘ ਸਮੇਤ ਹੋਰ ਪਤਵੰਤੇ ਸ਼ਖ਼ਸੀਅਤਾਂ ਸ਼ਾਮਲ ਸਨ। ਸਾਰੇ ਆਗੂਆਂ ਨੇ ਕਿਸਾਨ ਭਜਨ ਸਿੰਘ ਦੇ ਸੰਘਰਸ਼ ਨੂੰ ਜਾਇਜ਼ ਕਰਾਰ ਦਿੰਦਿਆਂ ਪ੍ਰਸ਼ਾਸਨ ਤੋਂ ਤੁਰੰਤ ਇਨਸਾਫ਼ ਦੀ ਮੰਗ ਕੀਤੀ। ਇਸ ਮੌਕੇ ਪਹੁੰਚੇ ਆਗੂਆਂ ਨੇ ਕਿਹਾ ਕਿ ਇਕ ਅੰਨਦਾਤਾ ਨੂੰ ਆਪਣੀ ਜ਼ਮੀਨ ਅਤੇ ਫ਼ਸਲ ਦੀ ਹਿਫ਼ਾਜ਼ਤ ਲਈ ਮਰਨ ਵਰਤ ‘ਤੇ ਬੈਠਣਾ ਪਵੇ, ਇਹ ਸਰਕਾਰੀ ਪ੍ਰਬੰਧਾਂ ਦੀ ਨਾਕਾਮੀ ਦਾ ਸਪਸ਼ਟ ਸਬੂਤ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਰਾਤ ਦੇ ਹਨੇਰੇ ਵਿਚ ਮਾਈਨਿੰਗ ਨਾਲ ਸਬੰਧਿਤ ਟਰੈਕਟਰ ਟਰਾਲੀਆਂ ਖੇਤਾਂ ਵਿਚੋਂ ਲੰਘਦੀਆਂ ਹਨ, ਜਿਸ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਕੇਵਲ ਭਜਨ ਸਿੰਘ ਦਾ ਨਹੀਂ, ਸਗੋਂ ਪੂਰੇ ਇਲਾਕੇ ਦੇ ਕਿਸਾਨਾਂ ਦੀ ਤਕਲੀਫ਼ ਨਾਲ ਜੁੜਿਆ ਹੋਇਆ ਹੈ। ਜੇਕਰ ਪ੍ਰਸ਼ਾਸਨ ਨੇ ਫ਼ੌਰੀ ਦਖ਼ਲ ਨਾ ਦਿੱਤਾ ਤਾਂ ਕਿਸਾਨਾਂ ਵਿਚ ਰੋਸ ਹੋਰ ਵਧ ਸਕਦਾ ਹੈ। ਇਕਬਾਲਦੀਪ ਸਿੰਘ ਹੈਰੀ, ਚਿੱਤਬੀਰ ਸਿੰਘ ਸੰਧੂ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਉਹ ਹਰ ਹਾਲਤ ਵਿਚ ਭਜਨ ਸਿੰਘ ਦੇ ਨਾਲ ਖੜ੍ਹੇ ਹਨ ਅਤੇ ਉਸ ਦੀ ਜੱਦੋਜਹਿਦ ਨੂੰ ਕਾਮਯਾਬ ਬਣਾਉਣ ਲਈ ਹਰ ਸੰਭਵ ਸਹਿਯੋਗ ਦੇਣਗੇ।

ਪਿਛਲੀ ਖ਼ਬਰ ਬੇਅਦਬੀ ਦੇ ਮਾਮਲੇ ’ਚ ਆਜ਼ਾਦ ਕਿਸਾਨ ਮੋਰਚਾ ਵਲੋਂ ਮੁੱਖ ਮੰਤਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮਾਸਟਰ ਬਲਵਿੰਦਰ ਸਿੰਘ, ਹੌਲਦਾਰ ਕੁਲਦੀਪ ਸਿੰਘ ਲੱਲੇ ਨਾਲ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।