28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਗੀਤਾ ਭਵਨ ਮੋਗਾ ਵਿਖੇ 22 ਤੋਂ 28 ਜੁਲਾਈ ਤੱਕ ਹੋਵੇਗਾ ਸੰਗੀਤਮਈ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ

ਅਜੀਤ ਡੈਸਕ 10-07-2026
ਮੋਗਾ, 9 ਜੁਲਾਈ (ਸੁਰਿੰਦਰਪਾਲ ਸਿੰਘ)-ਬ੍ਰਹਮਲੀਨ ਸਦਗੁਰੂ ਸਵਾਮੀ ਵੇਦਾਤਾਨੰਦ ਮਹਾਰਾਜ ਅਤੇ ਬ੍ਰਹਮਲੀਨ ਮਹਾਂਮੰਡਲੇਸ਼ਵਰ ਸਵਾਮੀ ਸਹਿਜ ਪ੍ਰਕਾਸ਼ ਮਹਾਰਾਜ ਦੀ ਪਾਵਨ ਤਪੋ ਭੂਮੀ ਸ੍ਰੀ ਗੀਤਾ ਭਵਨ ਮੋਗਾ ਵਿਖੇ ਗੀਤਾ ਭਵਨ ਟਰੱਸਟ ਸੁਸਾਇਟੀ ਵਲੋਂ 22 ਤੋਂ 28 ਜੁਲਾਈ 2026 ਤੱਕ ਸੰਗੀਤਮਈ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹਰ ਰੋਜ਼ ਦੁਪਹਿਰ 3:30 ਵਜੇ ਤੋਂ ਸ਼ਾਮ 6:30 ਵਜੇ ਤੱਕ ਹੋਣ ਵਾਲੀ ਇਸ ਕਥਾ ਦਾ ਰਸਪਾਨ ਪ੍ਰਸਿੱਧ ਕਥਾਵਾਚਕ ਸਵਾਮੀ ਵਿਗਿਆਨਾਨੰਦ ਸਰਸਵਤੀ ਮਹਾਰਾਜ ਸ਼ਰਧਾਲੂਆਂ ਨੂੰ ਕਰਵਾਉਣਗੇ। ਇਸ ਸੱਤ ਰੋਜ਼ਾ ਅਧਿਆਤਮਿਕ ਸਮਾਗਮ ਦੀ ਸਫਲਤਾ ਅਤੇ ਨਿਰਵਿਘਨ ਸੰਪੰਨਤਾ ਲਈ ਬੁੱਧਵਾਰ ਨੂੰ ਗੀਤਾ ਭਵਨ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਵਿਧੀਵਤ ਪੂਜਾ ਅਰਚਨਾ ਕੀਤੀ ਗਈ। ਸੰਤ ਮਹਾਤਮਾਵਾਂ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਕਥਾ ਦੀ ਸਫਲਤਾ, ਲੋਕ ਭਲਾਈ, ਵਿਸ਼ਵ ਸ਼ਾਂਤੀ ਅਤੇ ਸਮੂਹ ਸੰਗਤ ਦੇ ਕਲਿਆਣ ਲਈ ਅਰਦਾਸ ਕੀਤੀ ਗਈ। ਇਸ ਉਪਰੰਤ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪ੍ਰਸਾਦ ਗ੍ਰਹਿਣ ਕੀਤਾ। ਇਸ ਮੌਕੇ ਗੀਤਾ ਭਵਨ ਟਰੱਸਟ ਸੁਸਾਇਟੀ ਵਲੋਂ ਸ੍ਰੀਮਦ ਭਾਗਵਤ ਕਥਾ ਦੇ ਅਧਿਕਾਰਕ ਪੋਸਟਰ ਅਤੇ ਸੱਦਾ ਪੱਤਰ ਨੂੰ ਅੰਤਿਮ ਰੂਪ ਦਿੱਤਾ ਗਿਆ। ਟਰੱਸਟ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਜਲਦ ਹੀ ਵਿਧੀਵਤ ਪੂਜਾ ਉਪਰੰਤ ਸੱਦਾ ਪੱਤਰ ਦਾ ਰਸਮੀ ਲੋਕ ਅਰਪਣ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸ਼ਰਧਾਲੂਆਂ ਨੂੰ ਕਥਾ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾਵੇਗਾ। ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਸ੍ਰੀਮਦ ਭਾਗਵਤ ਮਹਾਪੁਰਾਣ ਕੇਵਲ ਇਕ ਧਾਰਮਿਕ ਗ੍ਰੰਥ ਹੀ ਨਹੀਂ, ਸਗੋਂ ਮਨੁੱਖੀ ਜੀਵਨ ਨੂੰ ਸੱਚ, ਸੇਵਾ, ਪ੍ਰੇਮ, ਭਗਤੀ ਅਤੇ ਸਦਾਚਾਰ ਦਾ ਮਾਰਗ ਦਿਖਾਉਣ ਵਾਲਾ ਦਿਵਿਆ ਜੀਵਨ ਦਰਸ਼ਨ ਹੈ। ਉਨ੍ਹਾਂ ਕਿਹਾ ਕਿ ਗੁਰੂ ਪੂਰਨਿਮਾ ਦੇ ਪਾਵਨ ਮੌਕੇ ‘ਤੇ ਹੋਣ ਵਾਲੀ ਇਹ ਕਥਾ ਅਤੇ ਵਿਆਸ ਪੂਜਾ ਸ਼ਰਧਾਲੂਆਂ ਲਈ ਅਧਿਆਤਮਿਕ ਉੱਨਤੀ ਦਾ ਵਿਲੱਖਣ ਮੌਕਾ ਹੈ। ਮਹਾਂਮੰਤਰੀ ਅੰਸ਼ੁਲ ਸ੍ਰੀਕੁੰਜ ਨੇ ਦੱਸਿਆ ਕਿ ਕਥਾ ਦੀਆਂ ਸਾਰੀਆਂ ਤਿਆਰੀਆਂ ਅੰਤਿਮ ਪੜਾਅ ਵਿਚ ਹਨ। ਸ਼ਰਧਾਲੂਆਂ ਲਈ ਬੈਠਣ, ਪੀਣ ਵਾਲੇ ਪਾਣੀ, ਪਾਰਕਿੰਗ, ਸਫ਼ਾਈ, ਸੁਰੱਖਿਆ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਧਰਮ ਪ੍ਰੇਮੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋ ਕੇ ਇਸ ਅਧਿਆਤਮਿਕ ਮਹਾਂਉਤਸਵ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ। ਟਰੱਸਟ ਵਲੋਂ ਦੱਸਿਆ ਗਿਆ ਕਿ 29 ਜੁਲਾਈ 2026 ਨੂੰ ਗੁਰੂ ਪੂਰਨਿਮਾ ਮੌਕੇ ਸਵੇਰੇ 11 ਵਜੇ ਵਿਆਸ ਪੂਜਾ ਅਤੇ ਗੁਰੂ ਪੂਜਣ ਹੋਵੇਗਾ। ਇਸ ਉਪਰੰਤ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਮਹਾਂਮੰਤਰੀ ਅੰਸ਼ੁਲ ਸ੍ਰੀਕੁੰਜ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸੂਦ, ਮੀਤ ਪ੍ਰਧਾਨ ਭਾਰਤ ਕੁਮਾਰ ਅਗਰਵਾਲ, ਸਹਿ ਮੰਤਰੀ ਸੁਰਿੰਦਰ ਗੋਇਲ, ਖ਼ਜ਼ਾਨਚੀ ਯੋਗੇਸ਼ ਗਰਗ, ਟਰੱਸਟੀ ਐਡਵੋਕੇਟ ਮਨਵਿੰਦਰ ਸੱਗੂ, ਐਡਵੋਕੇਟ ਕ੍ਰਿਸ਼ਨ ਮੁਰਾਰੀ ਗੁਪਤਾ ਸਮੇਤ ਹੋਰ ਅਹੁਦੇਦਾਰ, ਟਰੱਸਟੀ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਸੂਬਾ ਯੂਥ ਪ੍ਰਧਾਨ ਸ਼ੁਭਮ ਸ਼ਰਮਾ ਨਾਲ ਹਲਕਾ ਬਾਘਾ ਪੁਰਾਣਾ ਦੇ ਨਵ-ਨਿਯੁਕਤ ਯੂਥ ਆਗੂਆਂ ਨੇ ਕੀਤੀ ਮੀਟਿੰਗ... ਅਗਲੀ ਖ਼ਬਰ ਸਮਾਜ ਸੇਵੀ ਗੁਰਵੰਤ ਸਿੰਘ ਵਿਰਕ ਵਲੋਂ ਲੋੜਵੰਦ ਵਿਦਿਆਰਥਣਾਂ ਨੂੰ ਵਰਦੀਆਂ ਦੀ ਵੰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।